ਗੁਰੂਹਰਸਹਾਏ, 19 ਜੂਨ (ਹਰਚਰਨ ਸਿੰਘ ਸੰਧੂ)-ਪਿੰਡ ਕੋਹਰ ਸਿੰਘ ਵਾਲਾ ਵਿਖੇ ਰਿਹਾਇਸ਼ੀ ਇਲਾਕੇ ਵਿਚ ਲਗਾਏ ਗਏ ਟਾਵਰ ਦਾ ਪਹਿਲਾ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ। ਉੱਥੇ ਹੀ ਹੁਣ ਪਿੰਡ ਵਾਸੀਆਂ ਅਤੇ ਹੋਰ ਨੇੜਲੇ ਘਰਾਂ ਵਲੋਂ ਉੱਚ ਅਧਿਕਾਰੀਆਂ ਨੂੰ ਦਰਖਾਸਤਾਂ ਦੇ ਕੇ ਇਸ ਮੋਬਾਈਲ ਟਾੱਵਰ ਨੂੰ ਹਟਾਉਣ ਦੀ ਮੰਗ ਕੀਤੀ ਜਾ ਰਹੀ ਹੈ ।ਇਸੇ ਤਹਿਤ ਹੀ ਉਪ ਮੰਡਲ ਮਜਿਸਟਰੇਟ ਗੁਰੂਹਰਸਹਾਏ ਨੂੰ ਮੰਗ ਪੱਤਰ ਦਿੱਤਾ ਗਿਆ। ਸਾਹਿਬ ਸਿੰਘ ,ਪਰਮਜੀਤ ਸਿੰਘ ,ਨੌਨਿਹਾਲ ਸਿੰਘ ,ਜਗਸੀਰ ਸਿੰਘ ,ਜਗਜੀਤ ਸਿੰਘ, ਸੁਰਿੰਦਰ ਸਿੰਘ ਅਤੇ ਹੋਰ ਕਿਸਾਨ ਆਗੂਆਂ ਨੇ ਐਸ.ਡੀ.ਐਮ ਨੂੰ ਮਿਲ ਕੇ ਦੱਸਿਆ ਕਿ ਪਿੰਡ ਕੌਹਰ ਸਿੰਘ ਵਾਲਾ ਵਿਖੇ ਆਬਾਦੀ ਦੇ ਬਿਲਕੁਲ ਨਜ਼ਦੀਕ ਏਅਰਟੈਲ ਕੰਪਨੀ ਵਲੋਂ ਮੋਬਾਈਲ ਟਾੱਵਰ ਲਗਾਇਆ ਗਿਆ ਹੈ। ਇਸ ਟਾਵਰ ਨੂੰ ਰਿਹਾਇਸ਼ੀ ਇਲਾਕੇ ਵਿਚ ਨਾ ਲਗਾਏ ਜਾਣ ਸਬੰਧੀ ਪੰਚਾਇਤ ਵਲੋਂ ਮਤਾ ਪਾਸ ਕੀਤਾ ਗਿਆ ਸੀ ਅਤੇ ਹੁਣ ਅਸੀਂ ਸਾਰੇ ਮੰਗ ਕਰਦੇ ਹਾਂ ਕਿ ਇਸ ਮੋਬਾਇਲ ਟਾਵਰ ਨੂੰ ਰਿਹਾਇਸ਼ੀ ਇਲਾਕੇ ਵਿਚੋਂ ਤਬਦੀਲ ਕਰਕੇ ਕਿਸੇ ਹੋਰ ਜਗ੍ਹਾ ਲਗਾਇਆ ਜਾਵੇ ।ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਨੇੜਲੇ ਘਰਾਂ ਦੇ ਲੋਕਾਂ ਨੇ ਸਖਤ ਸ਼ਬਦਾਂ ਵਿਚ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਟਾਵਰ ਨੂੰ ਹਟਾਉਣ ਲਈ ਕੋਈ ਉਪਰਾਲਾ ਨਾ ਕੀਤਾ ਤਾਂ ਟਾਵਰ ਨੂੰ ਕਿਸੇ ਵੀ ਕੀਮਤ ’ਤੇ ਚੱਲਣ ਨਹੀਂ ਦਿੱਤਾ ਜਾਵੇਗਾ ਅਤੇ ਪੱਕਾ ਧਰਨਾ ਮੋਰਚਾ ਸ਼ੁਰੂ ਕਰ ਦਿੱਤਾ ਜਾਵੇਗਾ।