ਮੱਖੂ, 19 ਜੂਨ (ਵਰਿੰਦਰ ਮਨਚੰਦਾ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਥੋੜ੍ਹੇ ਸਮੇਂ ਵਿਚ ਲੋਕਾਂ ਲਈ ਕਈ ਇਤਿਹਾਸਕ ਫ਼ੈਸਲੇ ਕੀਤੇ ਹਨ। ਇਹ ਸਰਕਾਰ ਆਮ ਲੋਕਾਂ ਦੀਆਂ ਆਸਾਂ ਨੂੰ ਪੂਰਾ ਕਰਨ ਲਈ ਰਾਤ-ਦਿਨ ਕੰਮ ਕਰ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਗਰ ਪੰਚਾਇਤ ਮੱਖੂ ਦੇ ਕੌਂਸਲਰ ਸੰਦੀਪ ਠੁਕਰਾਲ ਅਤੇ ਕੌਂਸਲਰ ਸੌਰਵ ਅਹੂਜਾ ਨੇ ਕੀਤਾ। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਹਰ ਪਰਿਵਾਰ ਨੂੰ ਬਿਜਲੀ ਦੇ 600 ਯੂਨਿਟ ਮੁਆਫ਼ ਕਰਨ ਨਾਲ 90 ਫ਼ੀਸਦੀ ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਇਸੇ ਹੀ ਤਰ੍ਹਾਂ ਕਿਸਾਨਾਂ ਨੂੰ ਬਿਜਲੀ ਰਾਤ ਦੇ ਨਾਲ-ਨਾਲ ਦਿਨ ਦੇ ਸਮੇਂ ਵੀ ਮਿਲ ਰਹੀ ਹੈ। 10 ਲੱਖ ਦਾ ਹੈਲਥ ਕਾਰਡ ਹਰ ਪਰਿਵਾਰ ਲਈ, ਮੁੱਖ ਮੰਤਰੀ ਮਾਵਾਂ, ਧੀਆਂ ਸਤਿਕਾਰ ਯੋਜਨਾ ਜਿਸ ਦੇ ਤਹਿਤ 1000-1500 ਦੀ ਸਕੀਮ 18 ਸਾਲ ਤੋਂ ਉੱਪਰ ਹਰ ਮਹਿਲਾਂ ਲਈ ਸ਼ੁਰੂ ਕੀਤੀ ਗਈ ਹੈ। ਜਿਸ ਦੀ ਰਜਿਸਟ੍ਰੇਸ਼ਨ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਦੇ ਤਹਿਤ ਹਰ ਪਿੰਡ ਲਈ ਮੁਫ਼ਤ ਬੱਸਾਂ ਚਲਾਈਆਂ ਜਾ ਰਹੀਆਂ ਹਨ। ਕੌਂਸਲਰ ਸੰਦੀਪ ਠੁਕਰਾਲ ਅਤੇ ਕੌਂਸਲਰ ਸੌਰਵ ਅਹੂਜਾ ਨੇ ਕਿਹਾ ਕਿ ਪਾਰਟੀ ਵਲੋਂ ਜਿਹੜੀਆਂ ਗਰੰਟੀਆਂ ਜਾਂ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਨ, ਉਹ ਪੂਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪਿਛਲੀਆਂ ਸਰਕਾਰਾਂ ਦੇ ਅਧੂਰੇ ਪਏ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਦਿਆਂ ਨਵੇਂ ਪ੍ਰਾਜੈਕਟਾਂ ਨੂੰ ਹਰੀ ਝੰਡੀ ਦਿੱਤੀ ਹੈ ਅਤੇ ਸੂਬੇ ਵਿਚ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਹੈ। ਜਿਸ ਸਦਕਾ ‘ਆਪ’ ਪਾਰਟੀ ਮੁੜ ਹੂੰਝਾ ਫੇਰ ਜਿੱਤ ਹਾਸਲ ਕਰਕੇ 2027 ਵਿਚ ‘ਆਪ’ ਪਾਰਟੀ ਦੀ ਸਰਕਾਰ ਬਣਾਏਗੀ।