ਫ਼ਿਰੋਜ਼ਪੁਰ, 7 ਜੁਲਾਈ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਮੀਨੀ ਪੱਧਰ ’ਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਆਰੰਭੀ ਸਰਕਲ ਪੱਧਰੀ ਮੀਟਿੰਗਾਂ ਦੀ ਲੜੀ ਤਹਿਤ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਸਰਕਲ ਨੰਬਰ-9 ਦੀ ਮੀਟਿੰਗ ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ ਦੇ ਜ਼ੀਰਾ ਗੇਟ ਸਥਿਤ ਨਿਵਾਸ ਵਿਖੇ ਹੋਈ। ਮੀਟਿੰਗ ਦੀ ਅਗਵਾਈ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਵਨੀਤ ਕੁਮਾਰ ਗੋਰਾ ਨੇ ਵਰਕਰਾਂ ਨੂੰ ਘਰ-ਘਰ ਜਾ ਕੇ ਲੋਕਾਂ ਨਾਲ ਸੰਪਰਕ ਕਰਨ, ਅਕਾਲੀ ਸਰਕਾਰ ਵਲੋਂ ਕਰਵਾਏ ਵਿਕਾਸ ਕਾਰਜਾਂ ਅਤੇ ਪਾਰਟੀ ਦੀਆਂ ਭਵਿੱਖੀ ਨੀਤੀਆਂ ਬਾਰੇ ਜਾਣਕਾਰੀ ਦੇਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੇ ਨਾਲ ਹੀ ਸਰਕਲ ਪ੍ਰਧਾਨਾਂ ਨੂੰ ਬੂਥ ਪੱਧਰ ਦੀਆਂ ਕਮੇਟੀਆਂ ਦਾ ਜਲਦੀ ਗਠਨ ਕਰਕੇ ਪਾਰਟੀ ਦੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਵੀ ਕਿਹਾ ਗਿਆ। ਮੀਟਿੰਗ ਦੌਰਾਨ ਪੰਜਾਬ ਸਰਕਾਰ ਦੀ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਨੂੰ ਲੈ ਕੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਦੋਸ਼ ਲਾਇਆ ਕਿ ਯੋਜਨਾ ਸ਼ੁਰੂ ਹੋਣ ਦੇ ਬਾਵਜੂਦ ਅਜੇ ਵੀ ਵੱਡੀ ਗਿਣਤੀ ਵਿਚ ਯੋਗ ਮਹਿਲਾਵਾਂ ਨੂੰ ਇਸ ਦਾ ਲਾਭ ਨਹੀਂ ਮਿਲ ਸਕਿਆ। ਉਨ੍ਹਾਂ ਦਾ ਕਹਿਣਾ ਸੀ ਕਿ ਕਈ ਮਹਿਲਾਵਾਂ ਦੇ ਖਾਤਿਆਂ ਵਿਚ ਅਜੇ ਤੱਕ ਸਹਾਇਤਾ ਰਾਸ਼ੀ ਨਹੀਂ ਪਹੁੰਚੀ, ਜਦਕਿ ਅਨੇਕਾਂ ਥਾਵਾਂ ’ਤੇ ਯੋਜਨਾ ਲਈ ਲੋੜੀਂਦੇ ਫਾਰਮ ਵੀ ਉਪਲਬਧ ਨਹੀਂ ਹਨ। ਜਿਸ ਕਾਰਨ ਲਾਭਪਾਤਰੀਆਂ ਨੂੰ ਖ਼ੱਜਲ਼-ਖ਼ੁਆਰ ਹੋਣਾ ਪੈ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਯੋਜਨਾ ਦੇ ਲਾਗੂਕਰਨ ਵਿਚ ਆ ਰਹੀਆਂ ਖ਼ਾਮੀਆਂ ਨੂੰ ਤੁਰੰਤ ਦੂਰ ਕਰੇ, ਹਰ ਯੋਗ ਮਹਿਲਾ ਨੂੰ ਬਿਨਾਂ ਕਿਸੇ ਭੇਦਭਾਵ ਦੇ ਯੋਜਨਾ ਦਾ ਲਾਭ ਯਕੀਨੀ ਬਣਾਏ ਅਤੇ ਫਾਰਮਾਂ ਦੀ ਉਪਲਬਧਤਾ ਸਬੰਧੀ ਆ ਰਹੀਆਂ ਸਮੱਸਿਆਵਾਂ ਦਾ ਵੀ ਜਲਦ ਹੱਲ ਕਰੇ। ਇਸ ਮੌਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਕਲਸੀ, ਬੀ.ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਕਲਸੀ, ਐੱਸ.ਸੀ ਵਿੰਗ ਦੇ ਹਲਕਾ ਸ਼ਹਿਰੀ ਪ੍ਰਧਾਨ ਮਨੋਹਰ ਲਾਲ, ਸੀਨੀਅਰ ਅਕਾਲੀ ਆਗੂ ਆਸ਼ੂ ਕਪਾਹੀ, ਸਰਕਲ ਨੰਬਰ-9 ਦੇ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ, ਐੱਸ.ਸੀ ਵਿੰਗ ਦੇ ਸਰਕਲ ਪ੍ਰਧਾਨ ਵਿਜੇ ਕੁਮਾਰ (ਕੰਡੇ ਵਾਲਾ), ਸ਼ਰਨਜੀਤ ਸੰਧੂ, ਵਿਕੀ ਹਾਂਡਾ, ਗੁਰਜੰਟ ਸਿੰਘ, ਰਿੱਕੀ ਚੌਧਰੀ, ਪ੍ਰਤੀਕ ਕੁਮਾਰ, ਰਾਜਾ, ਨਿਰਮਲ ਬਾਬਾ, ਕਾਲੀ ਸੰਧੂ, ਪਾਲਾ ਸੰਧੂ, ਕੀਰਤ ਸੰਧੂ, ਗੁਰਇਕਬਾਲ ਅਤੇ ਵੱਡੀ ਗਿਣਤੀ ਵਿਚ ਪਾਰਟੀ ਆਗੂ ’ਤੇ ਵਰਕਰ ਹਾਜ਼ਰ ਸਨ।