ਫ਼ਿਰੋਜ਼ਪੁਰ, 11 ਜੁਲਾਈ (ਸੁਖਵਿੰਦਰ ਸਿੰਘ)-ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ.-2026) ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਸ਼ਨੀਵਾਰ ਨੂੰ ਲੱਗੇ ਵਿਸ਼ੇਸ਼ ਕੈਂਪਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ। ਸਵੇਰੇ 8 ਵਜੇ ਤੋਂ ਹੀ ਸ਼ਹਿਰ ਦੇ ਵੱਖ-ਵੱਖ ਪੋਲਿੰਗ ਸਟੇਸ਼ਨਾਂ ’ਤੇ ਵੋਟਰ ਆਪਣੇ ਲੋੜੀਂਦੇ ਦਸਤਾਵੇਜ਼ ਲੈ ਕੇ ਪੁੱਜਣੇ ਸ਼ੁਰੂ ਹੋ ਗਏ। ਖ਼ਾਸ ਤੌਰ ’ਤੇ ਆਰ.ਐੱਸ.ਡੀ. ਕਾਲਜ ਸਥਿਤ ਬੂਥ ਨੰਬਰ 110 ਅਤੇ ਜੰਗਲਾਤ ਵਿਭਾਗ ਦਫ਼ਤਰ ਸਥਿਤ ਬੂਥ ਨੰਬਰ 113 ’ਤੇ ਦਿਨ ਭਰ ਵੋਟਰਾਂ ਦੀ ਚਹਿਲ-ਪਹਿਲ ਬਣੀ ਰਹੀ ਅਤੇ ਬੀ.ਐੱਲ.ਓਜ ਵਲੋਂ ਮੌਕੇ ’ਤੇ ਹੀ ਫਾਰਮਾਂ ਦੀ ਜਾਂਚ ਕਰਕੇ ਡਿਜੀਟਾਈਜ਼ੇਸ਼ਨ ਕੀਤੀ ਜਾਂਦੀ ਰਹੀ। ਬੂਥ ਨੰਬਰ 110 ਅਤੇ ਬੂਥ ਨੰਬਰ 113 ’ਤੇ ਸੁਚਾਰੂ ਢੰਗ ਨਾਲ ਚੱਲਿਆ ਕੰਮ ਆਰ.ਐੱਸ.ਡੀ. ਕਾਲਜ ਸਥਿਤ ਬੂਥ ਨੰਬਰ 110 ਅਤੇ ਬੂਥ ਨੰਬਰ 113 ’ਤੇ ਵੋਟਰ ਲਗਾਤਾਰ ਆਪਣੇ ਆਧਾਰ ਕਾਰਡ, ਵੋਟਰ ਕਾਰਡ ਅਤੇ ਹੋਰ ਲੋੜੀਂਦੇ ਦਸਤਾਵੇਜ਼ ਲੈ ਕੇ ਪੁੱਜਦੇ ਰਹੇ। ਬੀ.ਐੱਲ.ਓ. ਵਲੋਂ ਹਰੇਕ ਵੋਟਰ ਨੂੰ ਪੂਰੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਦੇ ਫਾਰਮਾਂ ਦੀ ਮੌਕੇ ’ਤੇ ਹੀ ਜਾਂਚ ਕਰਕੇ ਆਨਲਾਈਨ ਪ੍ਰਕਿਰਿਆ ਪੂਰੀ ਕੀਤੀ ਗਈ। ਇਸ ਕਾਰਨ ਵੋਟਰਾਂ ਨੂੰ ਵਾਰ-ਵਾਰ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪਏ। ਜੰਗਲਾਤ ਵਿਭਾਗ ਦਫ਼ਤਰ ਸਥਿਤ ਬੂਥ ਨੰਬਰ 113 ’ਤੇ ਵੀ ਲੋਕ ਸਵੇਰ ਤੋਂ ਸ਼ਾਮ ਤੱਕ ਆਪਣੇ ਦਸਤਾਵੇਜ਼ ਜਮ੍ਰਹਾਂ ਕਰਵਾਉਣ ਲਈ ਆਉਂਦੇ ਰਹੇ। ਇੱਥੇ ਤਾਇਨਾਤ ਬੀ.ਐੱਲ.ਓ. ਮਨਦੀਪ ਸਿੰਘ ਨੇ ਦੱਸਿਆ ਕਿ ਲੋਕਾਂ ਵਲੋਂ ਚੰਗਾ ਸਹਿਯੋਗ ਮਿਲ ਰਿਹਾ ਹੈ। ਜਿਵੇਂ-ਜਿਵੇਂ ਫਾਰਮ ਅਤੇ ਦਸਤਾਵੇਜ਼ ਪ੍ਰਾਪਤ ਹੋ ਰਹੇ ਹਨ, ਉਨ੍ਹਾਂ ਨੂੰ ਉਸੇ ਸਮੇਂ ਆਨਲਾਈਨ ਡਿਜੀਟਾਈਜ਼ ਕੀਤਾ ਜਾ ਰਿਹਾ ਹੈ, ਤਾਂ ਜੋ ਕਿਸੇ ਵੀ ਯੋਗ ਵੋਟਰ ਦਾ ਕੰਮ ਲੰਬਿਤ ਨਾ ਰਹੇ। ਲਵਕੇਸ਼ ਕੁਮਾਰ ਨੇ ਦੱਸਿਆ ਕਿ ਕਈ ਲੋਕ ਦਸਤਾਵੇਜ਼ਾਂ ਸਬੰਧੀ ਜਾਣਕਾਰੀ ਲੈਣ ਲਈ ਵੀ ਆ ਰਹੇ ਹਨ। ਉਨ੍ਹਾਂ ਕਿਹਾ, ਜੋ ਵੀ ਵੋਟਰ ਸਾਡੇ ਕੋਲ ਆਪਣੇ ਕਾਗ਼ਜ਼ ਲੈ ਕੇ ਆ ਰਿਹਾ ਹੈ, ਅਸੀਂ ਉਸ ਦੇ ਦਸਤਾਵੇਜ਼ਾਂ ਦੀ ਜਾਂਚ ਕਰਕੇ ਫਾਰਮ ਪੂਰਾ ਕਰਵਾ ਰਹੇ ਹਾਂ ਅਤੇ ਨਾਲੋ-ਨਾਲ ਆਨਲਾਈਨ ਪ੍ਰਕਿਰਿਆ ਵੀ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਕਿਸੇ ਵੀ ਵੋਟਰ ਨੂੰ ਮੁੜ ਨਾ ਆਉਣਾ ਪਵੇ। ਵੋਟਰਾਂ ਦਾ ਡਰ ਹੋਇਆ ਦੂਰ ਕੈਂਪ ਵਿਚ ਪੁੱਜੇ ਕਈ ਵੋਟਰਾਂ ਨੇ ਦੱਸਿਆ ਕਿ ਸ਼ੁਰੂ ਵਿਚ ਉਨ੍ਹਾਂ ਨੂੰ ਡਰ ਸੀ ਕਿ ਕਿਤੇ ਉਨ੍ਹਾਂ ਦੀ ਵੋਟ ਕੱਟ ਨਾ ਜਾਵੇ ਜਾਂ ਫਾਰਮ ਭਰਨ ਵਿਚ ਕੋਈ ਦਿੱਕਤ ਨਾ ਆ ਜਾਵੇ। ਪਰ ਬੀ.ਐੱਲ.ਓਜ ਵਲੋਂ ਪੂਰੀ ਜਾਣਕਾਰੀ ਅਤੇ ਸਹਿਯੋਗ ਮਿਲਣ ਤੋਂ ਬਾਅਦ ਉਨ੍ਹਾਂ ਦਾ ਡਰ ਦੂਰ ਹੋ ਗਿਆ। ਵੋਟਰਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਵੋਟ ਸੁਰੱਖਿਅਤ ਰਹੇਗੀ ਅਤੇ ਸਾਰੀ ਪ੍ਰਕਿਰਿਆ ਪਾਰਦਰਸ਼ੀ ਢੰਗ ਨਾਲ ਪੂਰੀ ਹੋਵੇਗੀ।