ਜ਼ੀਰਾ, 11 ਜੁਲਾਈ (ਰਜਨੀਸ਼ ਕਥੂਰੀਆ)-ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ ਜੁਲਾਈ 2026 ਸੈਸ਼ਨ ਲਈ ਨਵੇਂ ਦਾਖਲਿਆਂ ਅਤੇ ਰੀ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਜਾਰੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਤ ਕਬੀਰ ਕਾਲਜ ਜ਼ੀਰਾ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਅਤੇ ਕੋਆਰਡੀਨੇਟਰ ਡਾ. ਵੀਰਪਾਲ ਨੇ ਦੱਸਿਆ ਕਿ ਇਗਨੂ ਵਲੋਂ ਜੁਲਾਈ 2026 ਸੈਸ਼ਨ ਲਈ ਦਾਖਲੇ ਅਤੇ ਰੀ-ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 15 ਜੁਲਾਈ 2026 ਨਿਰਧਾਰਤ ਕੀਤੀ ਗਈ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਤੋਂ ਪਹਿਲਾਂ ਆਪਣੀ ਅਰਜ਼ੀ ਆਨਲਾਈਨ ਜਾਂ ਸੰਤ ਕਬੀਰ ਕਾਲਜ ਜ਼ੀਰਾ ਵਿਖੇ ਪਹੁੰਚ ਕੇ ਜਮ੍ਹਾਂ ਕਰਵਾਉਣ। ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਬੈਚਲਰ ਡਿਗਰੀ ਕੋਰਸਾਂ ਜਿਵੇਂ ਬੀ.ਏ., ਬੀ.ਕਾਮ, ਬੀ.ਐਸ.ਸੀ., ਬੀ.ਸੀ.ਏ., ਬੈਚਲਰ ਆਫ਼ ਲਾਇਬ੍ਰੇਰੀ ਐਂਡ ਇਨਫਰਮੇਸ਼ਨ ਸਾਇੰਸ ਅਤੇ ਟੂਰਿਜ਼ਮ ਸਟਡੀਜ਼ ਸਮੇਤ ਹੋਰ ਕਈ ਕੋਰਸਾਂ ਵਿਚ ਦਾਖਲੇ ਲਈ ਇਹ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਇਗਨੂ ਵਲੋਂ ਨੌਕਰੀ-ਪੇਸ਼ਾ ਵਿਅਕਤੀਆਂ, ਵਰਕਿੰਗ ਪ੍ਰੋਫੈਸ਼ਨਲਜ਼, ਘਰੇਲੂ ਔਰਤਾਂ ਅਤੇ ਹੋਰ ਵਿਦਿਆਰਥੀਆਂ ਨੂੰ ਘੱਟ ਖਰਚੇ ਵਿਚ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸ ਮੌਕੇ ਕੋਆਰਡੀਨੇਟਰ ਡਾ. ਵੀਰਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਮ.ਏ., ਐਮ.ਕਾਮ, ਐਮ.ਐਸ.ਸੀ., ਐਮ.ਸੀ.ਏ. ਅਤੇ ਐੱਮ.ਐਸ.ਡਬਲਯੂ. ਸਮੇਤ ਵੱਖ-ਵੱਖ ਮਾਸਟਰ ਡਿਗਰੀ ਕੋਰਸਾਂ ’ਚ ਵੀ ਦਾਖਲੇ ਜਾਰੀ ਹਨ।