ਫ਼ਿਰੋਜ਼ਪੁਰ, 14 ਜੁਲਾਈ (ਗੁਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਜ਼ਿਲ੍ਹਾ ਫ਼ਿਰੋਜ਼ਪੁਰ ਇਕਾਈ ਵਲੋਂ ਸੋਮਵਾਰ ਨੂੰ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਰਾਹੀਂ ਇਕ ਮੰਗ-ਪੱਤਰ ਸੌਂਪਿਆ ਗਿਆ। ਮੰਗ-ਪੱਤਰ ਵਿਚ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਫ਼ਿਲਮ ਸਤਲੁਜ (ਪੰਜਾਬ 95) ’ਤੇ ਲੱਗੀ ਰੋਕ ਤੁਰੰਤ ਹਟਾ ਕੇ ਇਸ ਨੂੰ ਰਿਲੀਜ਼ ਕਰਨ ਦੀ ਮੰਗ ਕੀਤੀ ਗਈ। ਮੰਗ-ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਕਿ ਜਸਵੰਤ ਸਿੰਘ ਖਾਲੜਾ ਕਤਲ ਮਾਮਲੇ ਵਿਚ ਸਜ਼ਾਯਾਫ਼ਤਾ ਡੀ.ਐਸ.ਪੀ. ਨੂੰ ਗ੍ਰਿਫ਼ਤਾਰ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਇਸ ਦੇ ਨਾਲ ਹੀ ਬੇਕਸੂਰ ਪੰਜਾਬੀਆਂ ਦੀਆਂ ਕਥਿਤ ਹੱਤਿਆਵਾਂ ਲਈ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਅਤੇ ਉਨ੍ਹਾਂ ਨੂੰ ਕਥਿਤ ਤੌਰ ’ਤੇ ਸਰਪ੍ਰਸਤੀ ਦੇਣ ਵਾਲੇ ਸਿਆਸੀ ਆਗੂਆਂ ਦੀ ਨਿਰਪੱਖ ਜਾਂਚ ਲਈ ’ਪੰਜਾਬ ਸੱਚ, ਜਵਾਬਦੇਹੀ ਅਤੇ ਮੇਲ-ਮਿਲਾਪ ਕਮਿਸ਼ਨ’ ਦੇ ਗਠਨ ਅਤੇ ਉਸ ਦੀ ਤੱਥਾਂ-ਅਧਾਰਿਤ ਰਿਪੋਰਟ ਜਨਤਕ ਕਰਨ ਦੀ ਵੀ ਮੰਗ ਕੀਤੀ ਗਈ। ਪਾਰਟੀ ਆਗੂਆਂ ਨੇ ਕਿਹਾ ਕਿ ਸਿੱਖ ਭਾਈਚਾਰੇ ਨੇ ਦੇਸ਼ ਦੀ ਆਜ਼ਾਦੀ, ਰਾਸ਼ਟਰੀ ਸੁਰੱਖਿਆ ਅਤੇ ਅੰਨ ਉਤਪਾਦਨ ਵਿਚ ਅਹਿਮ ਯੋਗਦਾਨ ਪਾਇਆ ਹੈ। ਉਨ੍ਹਾਂ ਦਾ ਦਾਅਵਾ ਸੀ ਕਿ ਪੰਜਾਬ ਅਤੇ ਸਿੱਖ ਭਾਈਚਾਰੇ ਨਾਲ ਜੁੜੇ ਕੁੱਝ ਮਾਮਲਿਆਂ ਵਿਚ ਇਨਸਾਫ਼ ਨਾ ਮਿਲਣ ਕਾਰਨ ਅੱਜ ਵੀ ਲੋਕਾਂ ਵਿਚ ਨਾਰਾਜ਼ਗੀ ਅਤੇ ਚਰਚਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਨਿਰਪੱਖ ਜਾਂਚ, ਜਵਾਬਦੇਹੀ ਅਤੇ ਇਨਸਾਫ਼ ਯਕੀਨੀ ਬਣਾਉਣ ਨਾਲ ਲੋਕਾਂ ਦਾ ਨਿਆਂ ਪ੍ਰਣਾਲੀ ’ਤੇ ਭਰੋਸਾ ਹੋਰ ਮਜ਼ਬੂਤ ਹੋਵੇਗਾ ਅਤੇ ਆਪਸੀ ਵਿਸ਼ਵਾਸ ਵਧੇਗਾ। ਇਸ ਮੌਕੇ ਡਾ.ਮੁਖ਼ਤਿਆਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ, ਜਸਬੀਰ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ, ਜਸਪਾਲ ਸਿੰਘ ਖ਼ਾਲਸਾ ਜਨਰਲ ਸਕੱਤਰ, ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਪੰਥਕ ਕੌਂਸਲ, ਡਾ.ਮੋਹਨ ਸਿੰਘ ਲਾਲਕਾ ਜਥੇਬੰਧਕ ਸਕੱਤਰ, ਬਲਵਿੰਦਰ ਸਿੰਘ ਥਿੰਦ ਸਰਕਲ ਪ੍ਰਧਾਨ, ਨਿਸ਼ਾਨ ਸਿੰਘ ਜੋਸ਼ਨ ਯੂਥ ਆਗੂ, ਸੰਤੋਖ ਸਿੰਘ, ਗੁਰਮਤਿ ਸਿੰਘ, ਬਲਕਾਰ ਸਿੰਘ, ਸੁਖਵਿੰਦਰ ਸਿੰਘ, ਪਿੱਪਲ ਸਿੰਘ, ਬਲਵਿੰਦਰ ਸਿੰਘ ਬਲਾਕ ਪ੍ਰਧਾਨ, ਇੰਟਰਨੈਸ਼ਨਲ ਪੰਥਕ ਦਲ, ਕਰਨੈਲ ਸਿੰਘ ਭਾਵੜਾ ਸਟੇਟ ਆਗੂ, ਕਲਵਿੰਦਰ ਸਿੰਘ, ਨਿਸ਼ਾਨ ਸਿੰਘ ਭੁੱਲਰ ਸਮੇਤ ਹੋਰ ਆਗੂ ਹਾਜ਼ਰ ਸਨ।