ਫ਼ਾਜ਼ਿਲਕਾ, 23 ਜੁਲਾਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੀ ਭਾਰਤ-ਪਾਕਿ ਸਰਹੱਦ ਸਥਿਤ ਅੰਤਰਰਾਸ਼ਟਰੀ ਸਾਦਕੀ ਬਾਰਡਰ ’ਤੇ ਸ਼ਾਮ ਦੀ ਰੀਟਰੀਟ ਸੈਰੇਮਨੀ ਤੋਂ ਬਾਅਦ ‘ਰਾਸ਼ਟਰੀ ਝੰਡਾ ਦਿਵਸ’ ਮਨਾਇਆ ਗਿਆ। ਬਾਰਡਰ ਏਰੀਆ ਵਿਕਾਸ ਫ਼ਰੰਟ ਦੇ ਪ੍ਰਧਾਨ ਅਤੇ ਏਕਲ ਅਭਿਆਨ ਪੂਰਵੀ ਪੰਜਾਬ ਦੇ ਪ੍ਰਧਾਨ ਲੀਲਾਧਰ ਸ਼ਰਮਾ ਨੇ ਦੱਸਿਆ ਕਿ ਏਕਲ ਅਭਿਆਨ ਦੇ ਨੌਜਵਾਨ ਕਰਮਚਾਰੀਆਂ ਅਤੇ ਅਹੁਦੇਦਾਰਾਂ ਨੇ ਹੱਥਾਂ ਵਿਚ ਤਿਰੰਗਾ ਲੈ ਕੇ ਸਰਹੱਦ ’ਤੇ ਦੇਸ਼ ਭਗਤੀ ਦੇ ਗੀਤ ਗਾਏ ਅਤੇ ਬੀ.ਐੱਸ.ਐੱਫ. ਜਵਾਨਾਂ ਦੀ ਰੀਟਰੀਟ ਸੈਰੇਮਨੀ ਦੇਖੀ। ਉਨ੍ਹਾਂ ਦੱਸਿਆ ਕਿ 22 ਜੁਲਾਈ 1947 ਨੂੰ ਸੰਵਿਧਾਨ ਸਭਾ ਨੇ ਰਾਸ਼ਟਰੀ ਝੰਡੇ ਨੂੰ ਅਪਣਾਇਆ ਸੀ। ਇਸ ਤਿਰੰਗੇ ਦੀ ਆਨ-ਬਾਨ ਅਤੇ ਸ਼ਾਨ ਲਈ ਦੇਸ਼ ਭਗਤਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਹਨ ਅਤੇ ਅੱਜ ਵੀ ਸਰਹੱਦ ’ਤੇ ਜਵਾਨ ਇਸ ਦੀ ਸ਼ਾਨ ਬਰਕਰਾਰ ਰੱਖ ਰਹੇ ਹਨ।