ਜ਼ੀਰਾ,23 ਜੁਲਾਈ (ਰਜਨੀਸ਼ ਕਥੂਰੀਆ)- ਜ਼ੀਰਾ ਸ਼ਹਿਰ ਵਿਚ ਆਏ ਦਿਨ ਵਾਪਰ ਰਹੀਆਂ ਗੋਲੀਬਾਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਦੇ ਕਾਰਨ ਕੋਈ ਵੀ ਵਪਾਰੀ ਅਤੇ ਦੁਕਾਨਦਾਰ ਸੁਰੱਖਿਆ ਨਹੀਂ ਹੈ। ਇਹ ਪ੍ਰਗਟਾਵਾ ਸ਼ਹਿਰ ਦੇ ਮਠਿਆਈ ਕਾਰੋਬਾਰੀ ਰਾਜੀਵ ਕੁਮਾਰ ਜੈਨ ਨੇ ਕੀਤਾ। ਉਹਨਾਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਜ਼ੀਰਾ ਸ਼ਹਿਰ ਵਿਚ ਸਮਾਜ ਵਿਰੋਧੀ ਅਨਸਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਕਿਤੇ ਦਿਨ ਦਿਹਾੜੇ ਸੰਘਣੀ ਆਬਾਦੀ ਵਾਲੇ ਮੇਨ ਬਾਜ਼ਾਰ ਜ਼ੀਰਾ ਵਿਚ ਸਥਿਤ ਕੱਪੜਾ ਵਪਾਰੀ ਸੁਰੇਸ਼ ਗਰਗ ਦੀ ਦੁਕਾਨ ’ਤੇ ਲੁਟੇਰਿਆਂ ਵਲੋਂ ਗੋਲੀਬਾਰੀ ਕਰ ਦਿੱਤੀ ਜਾਂਦੀ ਹੈ ਅਤੇ ਕਦੇ ਸ਼ਹਿਰ ਦੇ ਕਰਿਆਨਾ ਦੁਕਾਨਦਾਰ ਅਤੇ ਵਪਾਰ ਮੰਡਲ ਪੰਜਾਬ ਦੇ ਮੀਤ ਪ੍ਰਧਾਨ ਵੇਦ ਪ੍ਰਕਾਸ਼ ਕੱਕੜ ਵਲੋਂ ਰਾਤ ਸਮੇਂ ਆਪਣੀ ਦੁਕਾਨ ਬੰਦ ਕਰਨ ਤੋਂ ਬਾਅਦ ਘਰ ਜਾਂਦੇ ਸਮੇਂ ਨਕਦੀ ਲੁੱਟ ਲਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਚੌਂਕਾਂ ਵਿਚ ਸੀ.ਸੀ.ਟੀ.ਵੀ.ਕੈਮਰੇ ਲਗਾਉਣ ਤੋਂ ਇਲਾਵਾ ਰਾਤ ਸਮੇਂ ਪੁਲਿਸ ਨੂੰ ਸ਼ਹਿਰ ਵਿਚ ਗਸ਼ਤ ਵਧਾਉਣੀ ਚਾਹੀਦੀ ਹੈ।