ਫਿਰੋਜ਼ਪੁਰ, 26 ਜੁਲਾਈ (ਗੁਰਿੰਦਰ ਸਿੰਘ)-ਹਾਰਮਨੀ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ, ਫਿਰੋਜ਼ਪੁਰ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੇ ਵਿਦਿਆਰਥੀਆਂ ਦੇ ਸਵਾਗਤ ਲਈ ‘ਯੂਫੋਰਿਆ-2026’ ਨਾਮਕ ਫਰੈਸ਼ਰਜ਼ ਪਾਰਟੀ ਦਾ ਆਯੋਜਨ ਕੀਤਾ ਗਿਆ। ਇਹ ਸਮਾਗਮ ਕਾਲਜ ਦੇ ਚੇਅਰਮੈਨ ਧਰਮਪਾਲ ਬਾਂਸਲ, ਡਾਇਰੈਕਟਰ ਯੋਗੇਸ਼ ਬਾਂਸਲ ਅਤੇ ਪ੍ਰਿੰਸੀਪਲ ਡਾ. ਮੋਹਿੰਦਰਪਾਲ ਸਿੰਘ ਦੀ ਸਰਪ੍ਰਸਤੀ ਅਤੇ ਹਾਜ਼ਰੀ ਵਿਚ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਭਾਰਤੀ ਸੰਸਕ੍ਰਿਤੀ ਅਨੁਸਾਰ ਗਣੇਸ਼ ਵੰਦਨਾ ਅਤੇ ਸ਼ਮਾਂ ਰੌਸ਼ਨ ਨਾਲ ਕੀਤੀ ਗਈ। ਇਸ ਉਪਰੰਤ ਸੀਨੀਅਰ ਵਿਦਿਆਰਥੀਆਂ ਨੇ ਨਵੇਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਕਾਲਜ ਪਰਿਵਾਰ ਦਾ ਹਿੱਸਾ ਬਣਨ ’ਤੇ ਵਧਾਈ ਦਿੱਤੀ। ਇਸ ਮੌਕੇ ਵਿਦਿਆਰਥੀਆਂ ਵਲੋਂ ਰੰਗਾਰੰਗ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਪੰਜਾਬੀ ਭੰਗੜੇ, ਲੋਕ ਨਾਚ ਅਤੇ ਹੋਰ ਮਨੋਰੰਜਕ ਪੇਸ਼ਕਾਰੀਆਂ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਅਤੇ ਸਾਰਾ ਪੰਡਾਲ ਤਾਲੀਆਂ ਦੀ ਗੂੰਜ ਨਾਲ ਰੌਣਕ ਮਈ ਬਣਿਆ ਰਿਹਾ। ਇਸ ਦੌਰਾਨ ‘ਮਿਸਟਰ ਫਰੈਸ਼ਰ’ ਅਤੇ ‘ਮਿਸ ਫਰੈਸ਼ਰ’ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿਚ ਨਵੇਂ ਵਿਦਿਆਰਥੀਆਂ ਨੇ ਰੈਂਪ ਵਾਕ, ਆਤਮ-ਵਿਸ਼ਵਾਸ ਅਤੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਭ ਨੂੰ ਪ੍ਰਭਾਵਿਤ ਕੀਤਾ। ਪ੍ਰਿੰਸੀਪਲ ਡਾ. ਮੋਹਿੰਦਰਪਾਲ ਸਿੰਘ ਨੇ ਨਵੇਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਉਨ੍ਹਾਂ ਨੂੰ ਮੈਡੀਕਲ ਖੇਤਰ ਵਿਚ ਸਮਰਪਣ, ਮਿਹਨਤ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਚੇਅਰਮੈਨ ਧਰਮਪਾਲ ਬਾਂਸਲ ਅਤੇ ਡਾਇਰੈਕਟਰ ਯੋਗੇਸ਼ ਬਾਂਸਲ ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਾਲਜ ਦੀਆਂ ਰਵਾਇਤਾਂ, ਅਨੁਸ਼ਾਸਨ ਅਤੇ ਉੱਚ ਸਿੱਖਿਅਕ ਮਿਆਰਾਂ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ। ਸੀਨੀਅਰ ਅਤੇ ਜੂਨੀਅਰ ਵਿਦਿਆਰਥੀਆਂ ਵਿਚਕਾਰ ਆਪਸੀ ਸਾਂਝ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਨ ਵਾਲਾ ਇਹ ਸਮਾਗਮ ਬੇਹੱਦ ਸਫਲ ਅਤੇ ਯਾਦਗਾਰ ਰਿਹਾ। ਅੰਤ ਵਿਚ ਵੱਖ-ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਰਾਸ਼ਟਰ ਗਾਣ ਨਾਲ ਸਮਾਗਮ ਦਾ ਸਮਾਪਨ ਹੋਇਆ।