ਉੱਭਰਦੇ ਖਿਡਾਰੀਆਂ ਦੇ ਸੁਨਹਿਰੇ ਭਵਿੱਖ ਲਈ ਕੇ.ਬੀ.ਸੀ. ਦਾ ਉਪਰਾਲਾ, ਖੇਡ ਸਾਮਾਨ ਵੰਡ ਕੇ ਵਧਾਇਆ ਹੌਸਲਾ
ਫਿਰੋਜ਼ਪੁਰ, 1 ਸਤੰਬਰ (ਗੁਰਿੰਦਰ ਸਿੰਘ)-ਕ੍ਰਿਸ਼ਨਾ ਬਾਸਕਟਬਾਲ ਕਲੱਬ (ਕੇ. ਬੀ.
ਫਿਰੋਜ਼ਪੁਰ, 1 ਸਤੰਬਰ (ਗੁਰਿੰਦਰ ਸਿੰਘ)-ਕ੍ਰਿਸ਼ਨਾ ਬਾਸਕਟਬਾਲ ਕਲੱਬ (ਕੇ.ਬੀ.ਸੀ.) ਵਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਉੱਭਰਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਖੇਡ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਨੌਜਵਾਨ ਖਿਡਾਰੀਆਂ ਨੂੰ ਬਾਕਸਿੰਗ ਗਲਵਜ਼, ਟੀ-ਸ਼ਰਟਾਂ ਅਤੇ ਅਭਿਆਸ ਲਈ ਹੋਰ ਖੇਡ ਸਾਮਾਨ ਵੰਡਿਆ ਗਿਆ। ਕੇ.ਬੀ.ਸੀ. ਦੇ ਕਨਵੀਨਰ ਅਤੇ ਬੀ.ਐਸ.ਐਫ ਦੇ ਸੈਕਿੰਡ ਇਨ ਕਮਾਂਡ ਅਸ਼ਵਨੀ ਕੁਮਾਰ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਨੂੰ ਆਪਣੇ ਖੇਡ ਜੀਵਨ ਦੇ ਸ਼ੁਰੂਆਤੀ ਪੜਾਅ ਵਿਚ ਸਹੂਲਤਾਂ ਅਤੇ ਸਹਿਯੋਗ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀ ਵਲੋਂ ਉੱਚ ਪੱਧਰ ’ਤੇ ਪਹੁੰਚਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਹੋ ਜਾਂਦੀਆਂ ਹਨ, ਪਰ ਸ਼ੁਰੂਆਤੀ ਦੌਰ ਵਿਚ ਖੇਡ ਸਾਮਾਨ, ਖ਼ੁਰਾਕ ਅਤੇ ਹੋਰ ਜ਼ਰੂਰੀ ਸਹੂਲਤਾਂ ਦੀ ਘਾਟ ਉਸ ਦੀ ਤਰੱਕੀ ਵਿਚ ਰੁਕਾਵਟ ਨਹੀਂ ਬਣਨੀ ਚਾਹੀਦੀ। ਇਸੇ ਉਦੇਸ਼ ਨਾਲ ਕੇ.ਬੀ.ਸੀ. ਵਲੋਂ ਹਰ ਸਾਲ ਵੱਖ-ਵੱਖ ਖੇਡਾਂ ਨਾਲ ਜੁੜੇ ਉੱਭਰਦੇ ਖਿਡਾਰੀਆਂ ਨੂੰ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ। ਇਸ ਮੌਕੇ ਸਮਾਜ ਸੇਵੀ ਸ਼ਲਿੰਦਰ ਕੁਮਾਰ ਲਰੋਇਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨਾਂ ਵਿਚ ਅਨੁਸ਼ਾਸਨ, ਸਰੀਰਕ ਤੰਦਰੁਸਤੀ ਅਤੇ ਆਤਮ-ਵਿਸ਼ਵਾਸ ਪੈਦਾ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਸਖ਼ਤ ਮਿਹਨਤ ਅਤੇ ਖੇਡ ਪ੍ਰਤੀ ਸਮਰਪਣ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਕੇ.ਬੀ.ਸੀ. ਪ੍ਰਬੰਧਕਾਂ ਨੇ ਅਨਿਲ ਅਰੋੜਾ ਦਾ ਵਿਸ਼ੇਸ਼ ਧੰਨਵਾਦ ਕੀਤਾ, ਜਿਨ੍ਹਾਂ ਵਲੋਂ ਬਾਕਸਿੰਗ ਖਿਡਾਰੀਆਂ ਲਈ ਉੱਚ ਗੁਣਵੱਤਾ ਵਾਲੇ ਗਲਵਜ਼ ਮੁਹੱਈਆ ਕਰਵਾਏ ਗਏ। ਇਸ ਮੌਕੇ ਜ਼ਿਲ੍ਹਾ ਬਾਕਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਸੇਵਾਮੁਕਤ ਡਿਪਟੀ ਡਾਇਰੈਕਟਰ ਖੇਡਾਂ ਸੁਨੀਲ ਕੁਮਾਰ ਸ਼ਰਮਾ, ਉੱਤਰ ਰੇਲਵੇ ਦੇ ਸੁਪਰਡੈਂਟ ਰਾਜਬੀਰ ਸਿੰਘ ਤੋਂ ਇਲਾਵਾ ਕੇ.ਬੀ.ਸੀ. ਦੇ ਅਹੁਦੇਦਾਰ ਮਨੋਜ ਗੁਪਤਾ, ਅਮਰੀਕ ਸਿੰਘ ਅਤੇ ਮੋਹਿਕ ਖੇਤਰਪਾਲ ਹਾਜ਼ਰ ਸਨ। ਕਲੱਬ ਵਲੋਂ ਖਿਡਾਰੀਆਂ ਨੂੰ ਭਵਿੱਖ ਵਿਚ ਵੀ ਮਿਹਨਤ ਜਾਰੀ ਰੱਖਣ ਅਤੇ ਫਿਰੋਜ਼ਪੁਰ ਦਾ ਨਾਮ ਰੌਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।