ਆਸ਼ੂ ਬੰਗੜ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ ਤੇ ਮੈਸੇਜ
ਫ਼ਿਰੋਜ਼ਪੁਰ, 10 ਸਤੰਬਰ (ਸੁਖਵਿੰਦਰ ਸਿੰਘ)– ਕਾਂਗਰਸ ਦੇ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਆਪਣੀ ਜਾਨ ਅਤੇ ਸੁਰੱਖਿਆ ਨੂੰ ਖ਼ਤਰਾ ਦੱਸਦਿਆਂ ਐੱਸ. ਐੱਸ.
ਫ਼ਿਰੋਜ਼ਪੁਰ, 10 ਸਤੰਬਰ (ਸੁਖਵਿੰਦਰ ਸਿੰਘ)– ਕਾਂਗਰਸ ਦੇ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਆਪਣੀ ਜਾਨ ਅਤੇ ਸੁਰੱਖਿਆ ਨੂੰ ਖ਼ਤਰਾ ਦੱਸਦਿਆਂ ਐੱਸ.ਐੱਸ.ਪੀ. ਫਿਰੋਜ਼ਪੁਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਤੁਰੰਤ ਸੁਰੱਖਿਆ ਮੁਹੱਈਆ ਕਰਵਾਉਣ ਅਤੇ ਮਾਮਲੇ ਦੀ ਜਾਂਚ ਕਰਕੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿਚ ਆਸ਼ੂ ਬੰਗੜ ਨੇ ਦੋਸ਼ ਲਗਾਇਆ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਵਿਦੇਸ਼ੀ ਮੋਬਾਈਲ ਨੰਬਰ ਤੋਂ ਵਾਰ-ਵਾਰ ਫੋਨ ਕਾਲਾਂ ਅਤੇ ਵਟਸ ਐਪ ਸੁਨੇਹੇ ਆ ਰਹੇ ਹਨ। ਉਨ੍ਹਾਂ ਮੁਤਾਬਕ ਸੰਪਰਕ ਕਰਨ ਵਾਲਾ ਵਿਅਕਤੀ ਕਥਿਤ ਤੌਰ ’ਤੇ ਗਾਲੀ-ਗਲੋਚ, ਧਮਕੀਆਂ ਤੇ ਡਰਾਉਣ ਵਾਲੀ ਭਾਸ਼ਾ ਦੀ ਵਰਤੋਂ ਕਰ ਰਿਹਾ ਹੈ ਤੇ ਉਨ੍ਹਾਂ ਦੀਆਂ ਸਿਆਸੀ ਗਤੀਵਿਧੀਆਂ ਸਬੰਧੀ ਦਬਾਅ ਬਣਾਇਆ ਜਾ ਰਿਹਾ ਹੈ। ਸ਼ਿਕਾਇਤ ਵਿਚ ਆਸ਼ੂ ਬੰਗੜ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਧਾਇਕ ਦੀ ਚੋਣ ਵਿਚ ਆਪਣਾ ਨਾਮ ਅੱਗੇ ਨਾ ਕਰਨ/ਚੋਣ ਨਾ ਲੜਨ ਲਈ ਧਮਕਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਧਮਕੀਆਂ ਕਾਰਨ ਉਨ੍ਹਾਂ ਨੂੰ ਆਪਣੀ ਜਾਨ ਤੇ ਨਿੱਜੀ ਸੁਰੱਖਿਆ ਸਬੰਧੀ ਗੰਭੀਰ ਖ਼ਦਸ਼ਾ ਪੈਦਾ ਹੋ ਗਿਆ ਹੈ। ਉਨ੍ਹਾਂ ਸ਼ਿਕਾਇਤ ਦੇ ਨਾਲ ਧਮਕੀ ਭਰੇ ਵਟਸਐਪ ਸੁਨੇਹਿਆਂ ਦੇ ਸਕ੍ਰੀਨਸ਼ਾਟ, ਕਾਲ ਹਿਸਟਰੀ ਆਦਿ ਸਬੂਤ ਮੁਹੱਈਆ ਕਰਵਾਉਣ ਦੀ ਗੱਲ ਕਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕੋਲ ਕਥਿਤ ਵਾਇਸ ਨੋਟ ਤੇ ਹੋਰ ਵਟਸਐਪ ਸੰਚਾਰ ਵੀ ਮੌਜੂਦ ਹੋਣ ਦੀ ਗੱਲ ਆਖੀ ਹੈ। ਆਸ਼ੂ ਬੰਗੜ ਨੇ ਕਿਹਾ ਕਿ ਜੇਕਰ ਲੀਡਰ ਹੀ ਸੇਫ ਨਹੀਂ ਹਨ ਤਾਂ ਆਮ ਜਨਤਾ ਕਿਵੇਂ ਸੇਫ ਹੋਵੇਗੀ ਗੈਂਗਸਟਰਾਂ ਦੀਆਂ ਕੀਆਂ ਭਰੀਆਂ ਕਾਲਾਂ ਆ ਰਹੀਆਂ ਹਨ। ਆਸ਼ੂ ਬੰਗੜ ਨੇ ਪੁਲਿਸ ਤੋਂ ਮੰਗ ਕੀਤੀ ਕਿ ਸ਼ਿਕਾਇਤ ਦਾ ਤੁਰੰਤ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਕਰਵਾਈ ਜਾਵੇ। ਉਕਤ ਨੰਬਰ ਚਲਾ ਰਹੇ ਵਿਅਕਤੀ ਦੀ ਪਛਾਣ ਕੀਤੀ ਜਾਵੇ, ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦੀ ਸੁਰੱਖਿਆ ਦਾ ਮੁਲਾਂਕਣ ਕਰਕੇ ਲੋੜੀਂਦੀ ਪੁਲਿਸ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਉਨ੍ਹਾਂ ਇਸ ਮਾਮਲੇ ਨੂੰ ‘ਅਤਿ ਜ਼ਰੂਰੀ ਤੇ ਉੱਚ ਤਰਜੀਹ’ ਦੇ ਆਧਾਰ ’ਤੇ ਲੈਣ ਦੀ ਅਪੀਲ ਕੀਤੀ ਹੈ। ਇਸ ਮੌਕੇ ਆਸ਼ੂ ਬੰਗੜ ਦੇ ਨਾਲ ਵੱਡੀ ਗਿਣਤੀ ਦੇ ਵਿਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।