ਸਾਈਬਰ ਠੱਗੀ ਦਾ ਸ਼ਿਕਾਰ ਹੋਇਆ ਫ਼ਿਰੋਜ਼ਪੁਰ ਦਾ ਵਿਅਕਤੀ, ਇਕ ਲੱਖ ਰੁਪਏ ਦੀ ਠੱਗੀ
ਫ਼ਿਰੋਜ਼ਪੁਰ, 15 ਸਤੰਬਰ (ਰਾਕੇਸ਼ ਚਾਵਲਾ)-ਸਾਈਬਰ ਠੱਗਾਂ ਵਲੋਂ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦੇ ਇਕ ਮਾਮਲੇ ਵਿਚ ਫ਼ਿਰੋਜ਼ਪੁਰ ਦੇ ਇਕ ਵਿਅਕਤੀ ਨਾਲ ਕਥਿਤ ਤੌਰ ’ਤੇ 1 ਲੱਖ ਰੁਪਏ ਦੀ ਆਨਲਾਈਨ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਫ਼ਿਰੋਜ਼ਪੁਰ, 15 ਸਤੰਬਰ (ਰਾਕੇਸ਼ ਚਾਵਲਾ)-ਸਾਈਬਰ ਠੱਗਾਂ ਵਲੋਂ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਆਪਣੇ ਜਾਲ ਵਿਚ ਫਸਾ ਕੇ ਉਨ੍ਹਾਂ ਨਾਲ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਇਸੇ ਤਰ੍ਹਾਂ ਦੇ ਇਕ ਮਾਮਲੇ ਵਿਚ ਫ਼ਿਰੋਜ਼ਪੁਰ ਦੇ ਇਕ ਵਿਅਕਤੀ ਨਾਲ ਕਥਿਤ ਤੌਰ ’ਤੇ 1 ਲੱਖ ਰੁਪਏ ਦੀ ਆਨਲਾਈਨ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵਲੋਂ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਰਿਕਾਰਡ ਅਨੁਸਾਰ ਮੁਕੱਦਮਾ ਨੰਬਰ 24 ਮਿਤੀ 14 ਸਤੰਬਰ 2026 ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੁਖਬੀਰ ਕੌਰ ਨੇ ਦੱਸਿਆ ਕਿ ਸੁਖਦੇਵ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਰੁਕਨਾ ਬੋਦਲਾ, ਗੁਰੂਹਰਸਹਾਏ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ 9 ਸਤੰਬਰ ਨੂੰ ਇਕ ਵਿਦੇਸ਼ੀ ਨੰਬਰ ਤੋਂ ਫ਼ੋਨ ਆਇਆ। ਪੀੜਤ ਨੇ ਦੱਸਿਆ ਕਿ ਉਸ ਨੇ ਆਪਣੇ ਸਾਲੇ ਦਾ ਲੜਕਾ ਸਮਝ ਕੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਸੁਖਦੇਵ ਸਿੰਘ ਨੇ ਦੱਸਿਆ ਕਿ ਠੱਗ ਨੇ ਕਿਹਾ ਕਿ ਉਹ ਉਸ ਦੇ ਖਾਤੇ ਵਿਚ 5 ਲੱਖ 43 ਹਜ਼ਾਰ ਰੁਪਏ ਭੇਜ ਰਿਹਾ ਹੈ, ਜਿਸ ਵਿਚੋਂ ਕੁੱਝ ਪੈਸੇ ਪੰਜਾਬ ਵਿਚ ਉਸ ਦੇ ਦੋਸਤ ਦੀ ਮਾਤਾ ਬਿਮਾਰ ਹੈ, ਉਸ ਨੂੰ ਟਰਾਂਸਫਰ ਕਰ ਦੇਣਾ ਤਾਂ ਉਸ ਨੇ ਆਪਣਾ ਸਟੇਟ ਬੈਂਕ ਆਫ਼ ਦਾ ਖਾਤਾ ਨੰਬਰ ਦੇ ਦਿੱਤਾ। ਰਿਕਾਰਡ ਵਿਚ ਦਰਜ ਵੇਰਵਿਆਂ ਮੁਤਾਬਿਕ ਇਸ ਤੋਂ ਬਾਅਦ ਠੱਗ ਨੇ ਵੱਖ-ਵੱਖ ਬੈਂਕ ਖਾਤਿਆਂ ਵਿਚੋਂ ਕਈ ਟਰਾਂਜ਼ੈਕਸ਼ਨਾਂ ਰਾਹੀਂ ਇਕ ਲੱਖ ਰੁਪਏ ਦੀ ਰਕਮ ਟਰਾਂਸਫਰ ਕਰ ਲਈ। ਜਦੋਂ ਸ਼ਿਕਾਇਤਕਰਤਾ ਨੇ ਬਾਅਦ ਵਿਚ ਆਪਣੇ ਪੱਧਰ ’ਤੇ ਮਾਮਲੇ ਦੀ ਪੜਤਾਲ ਕੀਤੀ ਤਾਂ ਉਸ ਨੂੰ ਆਪਣੇ ਨਾਲ ਹੋਈ ਧੋਖਾਧੜੀ ਦਾ ਪਤਾ ਲੱਗਾ। ਇਸ ਤੋਂ ਬਾਅਦ ਮਾਮਲਾ ਸਾਈਬਰ ਪੁਲਿਸ ਕੋਲ ਪਹੁੰਚਿਆ। ਪੁਲਿਸ ਨੇ ਸ਼ਿਕਾਇਤ ਅਤੇ ਉਪਲਬਧ ਜਾਣਕਾਰੀ ਦੀ ਜਾਂਚ ਕਰਨ ਉਪਰੰਤ ਕੇਸ ਦਰਜ ਕਰ ਲਿਆ। ਪੁਲਿਸ ਵਲੋਂ ਪੈਸਿਆਂ ਦੀ ਟਰਾਂਸਫਰ ਨਾਲ ਜੁੜੇ ਬੈਂਕ ਖਾਤਿਆਂ, ਮੋਬਾਈਲ ਨੰਬਰਾਂ ਅਤੇ ਆਨਲਾਈਨ ਲੈਣ-ਦੇਣ ਦੀ ਜਾਣਕਾਰੀ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮਾਮਲੇ ਵਿਚ ਕੋਈ ਮੁਲਜ਼ਮ ਨਾਮਜ਼ਦ ਨਹੀਂ ਕੀਤਾ ਗਿਆ। ਪੁਲਿਸ ਵੱਲੋਂ ਅਣਪਛਾਤੇ ਸਾਈਬਰ ਠਗਾਂ ਦੀ ਪਛਾਣ ਕਰਨ ਅਤੇ ਠੱਗੀ ਦੀ ਰਕਮ ਨੂੰ ਟਰੇਸ ਕਰਨ ਲਈ ਜਾਂਚ ਜਾਰੀ ਹੈ।