ਜ਼ੀਰਾ ਗੈਂਗਲੈਂਡ ਬਣਿਆ, ਪੁਲਿਸ ਬੇਵੱਸ, ਲੋਕਾਂ ’ਚ ਦਹਿਸ਼ਤ
ਲਗਾਤਾਰ ਦੂਸਰੇ ਦਿਨ ਦੋ ਧਿਰਾਂ ਵਿਚਾਲੇ ਗੋਲੀਬਾਰੀ
ਜ਼ੀਰਾ, 14 ਅਕਤੂਬਰ (ਰਜਨੀਸ਼ ਕਥੂਰੀਆ)- ਗੋਲੀਬਾਰੀ ਦੇ ਮਾਮਲੇ ਵਿਚ ਜ਼ੀਰਾ ਸ਼ਹਿਰ ਗੈਂਗਲੈਂਡ ਬਣ ਚੁੱਕਾ ਹੈ। ਸ਼ਾਇਦ ਹੀ ਕੋਈ ਹਫਤਾ ਖਾਲੀ ਜਾਂਦਾ ਹੋਵੇ ਜਦੋਂ ਜ਼ੀਰਾ ਸ਼ਹਿਰ ਜਾਂ ਇਸ ਦੇ ਆਸ-ਪਾਸ ਕਿਸੇ ਪਿੰਡ ਵਿਚ ਗੋਲੀ ਨਾ ਚੱਲੀ ਹੋਵੇ।
ਜ਼ੀਰਾ, 14 ਅਕਤੂਬਰ (ਰਜਨੀਸ਼ ਕਥੂਰੀਆ)- ਗੋਲੀਬਾਰੀ ਦੇ ਮਾਮਲੇ ਵਿਚ ਜ਼ੀਰਾ ਸ਼ਹਿਰ ਗੈਂਗਲੈਂਡ ਬਣ ਚੁੱਕਾ ਹੈ। ਸ਼ਾਇਦ ਹੀ ਕੋਈ ਹਫਤਾ ਖਾਲੀ ਜਾਂਦਾ ਹੋਵੇ ਜਦੋਂ ਜ਼ੀਰਾ ਸ਼ਹਿਰ ਜਾਂ ਇਸ ਦੇ ਆਸ-ਪਾਸ ਕਿਸੇ ਪਿੰਡ ਵਿਚ ਗੋਲੀ ਨਾ ਚੱਲੀ ਹੋਵੇ। ਨਿਤ ਦਿਨ ਹੁੰਦੀ ਗੋਲੀਬਾਰੀ ਕਾਰਨ ਪੁਲਿਸ ਵੀ ਬੇਵੱਸ ਨਜ਼ਰ ਆ ਰਹੀ ਹੈ। ਦੁਕਾਨਦਾਰ,ਕਾਰੋਬਾਰੀ ਉਦਯੋਗਪਤੀ ਤੇ ਵਪਾਰੀ ਆਪੋ-ਆਪਣੇ ਕਾਰੋਬਾਰਾਂ ਨੂੰ ਲੈ ਕੇ ਚਿੰਤਾ ਵਿਚ ਹਨ। ਆਏ ਦਿਨ ਲੁੱਟ-ਖੋਹ ਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਬੀਤੇ 2 ਦਿਨਾਂ ਤੋਂ ਇੱਥੇ 2 ਧਿਰਾਂ ਵਿਚਾਲੇ ਲਗਾਤਾਰ ਗੋਲੀਬਾਰੀ ਹੋ ਰਹੀ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਜੌਹਲ ਨਗਰ ਜ਼ੀਰਾ ਵਿਖੇ ਵੀ ਇਕ ਆਈ-20 ਕਾਰ ਨੰਬਰ ਪੀ.ਬੀ.79-2732 ਦੇ ਚਾਲਕਾਂ ’ਤੇ ਕੁਝ ਵਿਅਕਤੀਆਂ ਨੇ ਆਪਣੀ ਗੱਡੀ ਰਾਹੀਂ ਪਿੱਛਾ ਕਰਦੇ ਹੋਏ ਕਰਦੇ ਹੋਏ ਗੋਲੀਬਾਰੀ ਕੀਤੀ ਜਿਸ ਦੌਰਾਨ ਦਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਬੂਲੇ ਅਤੇ ਉਸ ਦੇ ਸਾਥੀਆਂ ਨੇ ਆਪਣੇ ਇਕ ਰਿਸ਼ਤੇਦਾਰ ਏ.ਐਸ.ਆਈ. ਦੇ ਘਰ ਲੁਕ ਕੇ ਆਪਣੀ ਜਾਨ ਬਚਾਈ। ਜਦੋਂ ਕਿ ਇਸ ਵਾਰਦਾਤ ਦੇ ਦੌਰਾਨ ਉਹਨਾਂ ਦੀ ਕਾਰ ਦਾ ਪਿਛਲਾ ਸ਼ੀਸ਼ਾ ਟੁੱਟ ਕੇ ਚਕਨਚੂਰ ਹੋ ਗਿਆ। ਇਸੇ ਤਰ੍ਹਾਂ ਅੱਜ ਦੂਸਰੇ ਦਿਨ ਅਨਾਜ ਮੰਡੀ ਜ਼ੀਰਾ ਦੇ ਮੇਨ ਗੇਟ ਦੇ ਸਾਹਮਣੇ ਤਿਕੋਨੀ ਕੋਲ ਇਕ ਸਵਿਫਟ ਕਾਰ ਤੇ ਇਕ ਥਾਰ ਚਾਲਕਾਂ ਵਿਚਾਲੇ ਚੱਲ ਰਹੀ ਗੋਲੀਬਾਰੀ ਦੀ ਲਪੇਟ ਵਿੱਚ ਆ ਕੇ ਇਕ ਬਜ਼ੁਰਗ ਬਸੰਤ ਸਿੰਘ ਪੁੱਤਰ ਠਾਣਾ ਸਿੰਘ ਵਾਸੀ ਪਿੰਡ ਲਹਿਰਾ ਰੋਹੀ ਮੌਤ ਦੇ ਮੂੰਹ ਵਿਚ ਚਲਾ ਗਿਆ। ਗੋਲੀ ਦੀ ਲਪੇਟ ਵਿਚ ਆਇਆ ਬਜ਼ੁਰਗ ਤਾਂ ਮੌਤ ਦੇ ਮੂੰਹ ਵਿਚ ਚਲਾ ਗਿਆ ਹੈ, ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਕਾਰ ਚਾਲਕਾਂ ਅਤੇ ਥਾਰ ਚਾਲਕਾਂ ਨੇ ਇਕ ਦੂਸਰੇ ਉੱਪਰ ਗੋਲੀਆਂ ਚਲਾਈਆਂ ਜੇਕਰ ਉਹ ਵੀ ਕਿਸੇ ਆਉਂਦੇ ਜਾਂਦੇ ਰਾਹਗੀਰ ਜਾਂ ਕਿਸੇ ਹੋਰ ਵਿਅਕਤੀਆਂ ਦੇ ਲੱਗ ਜਾਂਦੀਆਂ ਤਾਂ ਕਿੰਨਾ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਇਸ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਬੇਸ਼ੱਕ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਦੋਵਾਂ ਮਾਮਲਿਆਂ ਵਿਚ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਤਿਉਹਾਰਾਂ ਦੇ ਦਿਨਾਂ ਵਿਚ ਹੋ ਰਹੀਆਂ ਇਹਨਾਂ ਵਾਰਦਾਤਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵਿਚ ਦਹਿਸ਼ਤ ਪਾਈ ਜਾ ਰਹੀ ਹੈ।