ਫੂਡ ਸੇਫਟੀ ਵਿਭਾਗ ਵਲੋਂ ਬੇਕਰੀ ਤੇ ਚਾਟ ਭੰਡਾਰ ਦੀ ਵਰਕਸ਼ਾਪ ’ਤੇ ਛਾਪੇਮਾਰੀ, ਭਰੇ ਸੈਂਪਲ
ਖ਼ੁਸ਼ਬਾਹਾ ਚਾਟ ਭੰਡਾਰ ਦੀ ਵਰਕਸ਼ਾਪ ’ਚ ਗੰਦਗੀ ਮਿਲਣ ’ਤੇ ਇਕ ਹਫ਼ਤੇ ’ਚ ਪ੍ਰਬੰਧ ਸੁਧਾਰਨ ਦੇ ਦਿੱਤੇ ਨਿਰਦੇਸ਼
ਫ਼ਿਰੋਜ਼ਪੁਰ, 14 ਅਕਤੂਬਰ (ਕੁਲਬੀਰ ਸਿੰਘ ਸੋਢੀ)- ਲੋਕਾਂ ਦੀ ਸਿਹਤ ਨਾਲ ਜੁੜੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਫੂਡ ਸੇਫਟੀ ਵਿਭਾਗ ਵਲੋਂ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ’ਤੇ ਗੁਰੂ ਨਾਨਕ ਬੇਕਰੀ ਅਤੇ ਸ਼ਿਵਾਲਾ ਮੰਦਰ ਦੇ ਸਾਹਮਣੇ ਸਥਿਤ ਖੁਸ਼ਬਾਹਾ ਚਾਟ ਭੰਡਾਰ ਦੀ ਵਰਕਸ਼ਾਪ ਦੀ ਜਾਂਚ ਕੀਤੀ ਗਈ। ਇਸ ਦੌਰਾਨ ਗੁਰੂ ਨਾਨਕ ਬੇਕਰੀ ਤੋਂ ਐਪਲ ਕੇਕ ਤੇ ਖੁਸ਼ਬਾਹਾ ਚਾਟ ਭੰਡਾਰ ਤੋਂ ਦਹੀਂ ਦੇ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਭੇਜੇ ਗਏ ਹਨ।
ਬ
ਬੇਕਰੀ ਤੇ ਚਾਟ ਭੰਡਾਰ ਦੀ ਵਰਕਸ਼ਾਪ ’ਤੇ ਕੀਤੀ ਛਾਪੇਮਾਰੀ ਦੌਰਾਨ ਸੈਂਪਲ ਭਰਦੀ ਹੋਈ ਟੀਮ। ਅਜੀਤ ਤਸਵੀਰ
15-10-2026
ਫ਼ਿਰੋਜ਼ਪੁਰ, 14 ਅਕਤੂਬਰ (ਕੁਲਬੀਰ ਸਿੰਘ ਸੋਢੀ)- ਲੋਕਾਂ ਦੀ ਸਿਹਤ ਨਾਲ ਜੁੜੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਫੂਡ ਸੇਫਟੀ ਵਿਭਾਗ ਵਲੋਂ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ’ਤੇ ਗੁਰੂ ਨਾਨਕ ਬੇਕਰੀ ਅਤੇ ਸ਼ਿਵਾਲਾ ਮੰਦਰ ਦੇ ਸਾਹਮਣੇ ਸਥਿਤ ਖੁਸ਼ਬਾਹਾ ਚਾਟ ਭੰਡਾਰ ਦੀ ਵਰਕਸ਼ਾਪ ਦੀ ਜਾਂਚ ਕੀਤੀ ਗਈ। ਇਸ ਦੌਰਾਨ ਗੁਰੂ ਨਾਨਕ ਬੇਕਰੀ ਤੋਂ ਐਪਲ ਕੇਕ ਤੇ ਖੁਸ਼ਬਾਹਾ ਚਾਟ ਭੰਡਾਰ ਤੋਂ ਦਹੀਂ ਦੇ ਸੈਂਪਲ ਲੈ ਕੇ ਜਾਂਚ ਲਈ ਲੈਬਾਰਟਰੀ ਭੇਜੇ ਗਏ ਹਨ। ਖੁਸ਼ਬਾਹਾ ਚਾਟ ਭੰਡਾਰ ਦੀ ਵਰਕਸ਼ਾਪ ਵਿਚ ਸਫ਼ਾਈ ਦੇ ਪ੍ਰਬੰਧਾਂ ਦੀ ਘਾਟ ਸਾਹਮਣੇ ਆਉਣ ’ਤੇ ਸਬੰਧਤ ਪ੍ਰਬੰਧਕਾਂ ਨੂੰ ਸਖ਼ਤ ਹਦਾਇਤਾਂ ਜਾਰੀ ਕਰਦਿਆਂ ਇਕ ਹਫ਼ਤੇ ਅੰਦਰ ਲੋੜੀਂਦੇ ਸੁਧਾਰ ਕਰਨ ਲਈ ਕਿਹਾ ਗਿਆ ਹੈ। ਜਾਣਕਾਰੀ ਅਨੁਸਾਰ ਫੂਡ ਸੇਫਟੀ ਵਿਭਾਗ ਨੂੰ ਗੁਰੂ ਨਾਨਕ ਬੇਕਰੀ ਸਬੰਧੀ ਸ਼ਿਕਾਇਤਾਂ ਮਿਲਣ ’ਤੇ ਟੀਮ ਵਲੋਂ ਜਾਂਚ ਕੀਤੀ ਗਈ। ਇਸ ਦੌਰਾਨ ਐਪਲ ਕੇਕ ਦਾ ਇਕ ਸੈਂਪਲ ਭਰਿਆ ਗਿਆ ਜਿਸ ਨੂੰ ਖਾਣ-ਪੀਣ ਵਾਲੀ ਵਸਤੂ ਦੀ ਗੁਣਵੱਤਾ ਦੀ ਜਾਂਚ ਲਈ ਫੂਡ ਲੈਬਾਰਟਰੀ ਭੇਜਿਆ ਗਿਆ ਹੈ। ਸੈਂਪਲ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਦੀ ਗੁਣਵੱਤਾ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ। ਇਸੇ ਤਰ੍ਹਾਂ ਖੁਸ਼ਬਾਹਾ ਚਾਟ ਭੰਡਾਰ ਦੀ ਵਰਕਸ਼ਾਪ ਬਾਰੇ ਲੰਬੇ ਸਮੇਂ ਤੋਂ ਮਿਲ ਰਹੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਵਿਭਾਗੀ ਟੀਮ ਨੇ ਜਾਂਚ ਕੀਤੀ। ਜਾਂਚ ਦੌਰਾਨ ਵਰਕਸ਼ਾਪ ਵਿਚ ਸਫ਼ਾਈ ਦੇ ਪ੍ਰਬੰਧ ਤਸੱਲੀਬਖ਼ਸ਼ ਨਹੀਂ ਪਾਏ ਗਏ। ਖਾਣ-ਪੀਣ ਦੀਆਂ ਵਸਤਾਂ ਤਿਆਰ ਕਰਨ ਵਾਲੀ ਜਗ੍ਹਾ ’ਤੇ ਗੰਦਗੀ ਮੌਜ਼ੂਦ ਸੀ ਤੇ ਫਰਸ਼ ’ਤੇ ਟਾਈਲਾਂ ਵੀ ਨਹੀਂ ਲੱਗੀਆਂ ਹੋਈਆਂ ਸਨ। ਇਸ ਤੋਂ ਇਲਾਵਾ ਮੱਖੀਆਂ ਤੇ ਮੱਛਰਾਂ ਦੀ ਮੌਜ਼ੂਦਗੀ ਵੀ ਦੇਖਣ ਨੂੰ ਮਿਲੀ, ਜੋ ਖਾਣ-ਪੀਣ ਵਾਲੀਆਂ ਵਸਤਾਂ ਦੀ ਸਫ਼ਾਈ ਤੇ ਸੁਰੱਖਿਆ ਦੇ ਮਾਪਦੰਡਾਂ ਨੂੰ ਲੈ ਕੇ ਸਵਾਲ ਖੜ੍ਹੇ ਕਰਦੀ ਹੈ। ਜਾਂਚ ਦੌਰਾਨ ਦਹੀਂ ਤਿਆਰ ਕਰਨ ਤੇ ਸਟੋਰ ਕਰਨ ਲਈ ਵਰਤੇ ਜਾ ਰਹੇ ਭਾਂਡਿਆਂ ਦੀ ਸਫ਼ਾਈ ਦੇ ਪ੍ਰਬੰਧ ਵੀ ਤਸੱਲੀਬਖ਼ਸ਼ ਨਹੀਂ ਮਿਲੇ। ਇਸ ਦੌਰਾਨ ਭਾਂਡੇ ਧੋਣ ਵਾਲੀ ਥਾਂ ਤੇ ਹੋਰ ਸਾਮਾਨ ਰੱਖਣ ਵਾਲੇ ਸਥਾਨ ’ਤੇ ਵੀ ਸਫ਼ਾਈ ਦੀ ਘਾਟ ਪਾਈ ਗਈ। ਵਿਭਾਗ ਵਲੋਂ ਦਹੀਂ ਦਾ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਗਿਆ ਹੈ। ਫੂਡ ਸੇਫਟੀ ਵਿਭਾਗ ਨੇ ਸਬੰਧਤ ਪ੍ਰਬੰਧਕਾਂ ਨੂੰ ਵਰਕਸ਼ਾਪ ਦੀ ਸਫ਼ਾਈ ਯਕੀਨੀ ਬਣਾਉਣ, ਭਾਂਡਿਆਂ ਨੂੰ ਸਹੀ ਢੰਗ ਨਾਲ ਧੋਣ, ਖਾਣ-ਪੀਣ ਵਾਲੀਆਂ ਵਸਤਾਂ ਨੂੰ ਸਾਫ਼-ਸੁਥਰੀ ਜਗ੍ਹਾ ’ਤੇ ਤਿਆਰ ਅਤੇ ਸਟੋਰ ਕਰਨ ਅਤੇ ਮੱਖੀਆਂ-ਮੱਛਰਾਂ ਦੀ ਰੋਕਥਾਮ ਲਈ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਵਿਭਾਗ ਅਨੁਸਾਰ ਦੋਵਾਂ ਥਾਵਾਂ ਤੋਂ ਲਏ ਗਏ ਸੈਂਪਲਾਂ ਦੀਆਂ ਜਾਂਚ ਰਿਪੋਰਟਾਂ ਪ੍ਰਾਪਤ ਹੋਣ ਉਪਰੰਤ ਨਤੀਜਿਆਂ ਦੇ ਆਧਾਰ ’ਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਤੇ ਇਸ ਅਧੀਨ ਬਣੇ ਨਿਯਮਾਂ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਨੇ ਸਪੱਸ਼ਟ ਕੀਤਾ ਕਿ ਖਾਣ-ਪੀਣ ਵਾਲੀਆਂ ਵਸਤਾਂ ਦੀ ਗੁਣਵੱਤਾ, ਸਫ਼ਾਈ ਤੇ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪ੍ਰਾਪਤ ਸ਼ਿਕਾਇਤਾਂ ਦੇ ਆਧਾਰ ’ਤੇ ਜਾਂਚ ਅਤੇ ਨਿਯਮਾਂ ਅਨੁਸਾਰ ਕਾਰਵਾਈ ਜਾਰੀ ਰਹੇਗੀ।