ਡੀ.ਸੀ. ਮਾਡਲ ਸਕੂਲ ਦੇ ‘ਸ਼ੌਰਿਆ ਸਤੁਤੀ’ ਸਮਾਗਮ ’ਚ ਗੂੰਜਿਆ ਭਾਰਤ ਦੀ ਵੀਰਤਾ ਤੇ ਗੌਰਵ ਦਾ ਸੰਦੇਸ਼
ਫ਼ਿਰੋਜ਼ਪੁਰ, 21 ਅਕਤੂਬਰ (ਗੁਰਿੰਦਰ ਸਿੰਘ)- ਡੀ. ਸੀ.
ਫ਼ਿਰੋਜ਼ਪੁਰ, 21 ਅਕਤੂਬਰ (ਗੁਰਿੰਦਰ ਸਿੰਘ)- ਡੀ.ਸੀ. ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ‘ਯੂਫੋਰੀਆ’ ਤਹਿਤ ਭਾਰਤ ਦੀਆਂ ਵੀਰ ਗਾਥਾਵਾਂ, ਅਮੀਰ ਵਿਰਾਸਤ ਅਤੇ ਗੌਰਵਮਈ ਪ੍ਰੰਪਰਾਵਾਂ ਨੂੰ ਸਮਰਪਿਤ ‘ਸ਼ੌਰਿਆ ਸਤੁਤੀ’ ਵਿਸ਼ੇ ’ਤੇ ਸ਼ਾਨਦਾਰ ਸਭਿਆਚਾਰਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਦੂਜੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਆਪਣੀਆਂ ਦਿਲਕਸ਼ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਦੇਸ਼ ਦੀ ਵੀਰਤਾ, ਨਾਰੀ ਸ਼ਕਤੀ, ਸਭਿਆਚਾਰਕ ਏਕਤਾ ਅਤੇ ਵਿਕਸਤ ਭਾਰਤ ਦੇ ਸੰਕਲਪ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ। ਸਮਾਗਮ ਵਿਚ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਯਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਡਿਪਟੀ ਡੀ.ਈ.ਓ. ਡਾ.ਸਤਿੰਦਰ ਸਿੰਘ, ਕੋਮਲ ਅਰੋੜਾ ਤੇ ਡੀ.ਪੀ.ਆਰ.ਓ. ਅਮਰੀਕ ਸਿੰਘ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ। ਸਮਾਗਮ ਦੀ ਪ੍ਰਧਾਨਗੀ ਡੀ.ਸੀ.ਐੱਮ. ਗਰੁੱਪ ਦੇ ਸੀ.ਈ.ਓ. ਡਾ.ਅਨਿਰੁੱਧ ਗੁਪਤਾ ਨੇ ਕੀਤੀ। ਸਕੂਲ ਪ੍ਰਿੰਸੀਪਲ ਯਾਚਨਾ ਚਾਵਲਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਸਾਲਾਨਾ ਰਿਪੋਰਟ ਪੇਸ਼ ਕੀਤੀ ਤੇ ਸੰਸਥਾ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਦੀਪ ਜਗਾਉਣ ਦੀ ਰਸਮ ਨਾਲ ਸ਼ੁਰੂ ਹੋਏ ਸਮਾਗਮ ਵਿਚ ਵਿਦਿਆਰਥੀਆਂ ਨੇ ਗਣੇਸ਼ ਵੰਦਨਾ ਨਾਲ ਮਾਹੌਲ ਨੂੰ ਭਗਤੀਮਈ ਬਣਾਇਆ। ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਸਕੂਲ ਆਪਣੀ ਸ਼ਾਨਦਾਰ ਵਿੱਦਿਅਕ ਯਾਤਰਾ ਦੇ 80ਵੇਂ ਵਰ੍ਹੇ ਵਿਚ ਦਾਖ਼ਲ ਹੋ ਚੁੱਕਾ ਹੈ।ਵਿਧਾਇਕ ਰਜਨੀਸ਼ ਦਹੀਯਾ ਨੇ ਸਕੂਲ ਪ੍ਰਬੰਧਕਾਂ ਵਲੋਂ ਸਿੱਖਿਆ ਦੇ ਖੇਤਰ ਵਿਚ ਕੀਤੇ ਜਾ ਰਹੇ ਯਤਨਾਂ ਤੇ ਡੀ.ਸੀ.ਐੱਮ. ਗਰੁੱਪ ਦੀ ਚੇਅਰਪਰਸਨ ਤੇ ਸਿੱਖਿਆ ਸ਼ਾਸਤਰੀ ਕਾਂਤਾ ਗੁਪਤਾ ਦੇ ਯੋਗਦਾਨ ਦੀ ਵੀ ਪ੍ਰਸ਼ੰਸਾ ਕੀਤੀ। ਅੰਤ ਵਿਚ ਕੋਆਰਡੀਨੇਟਰ ਸੁਮਨ ਮੋਂਗਾ ਨੇ ਮਹਿਮਾਨਾਂ ਤੇ ਹਾਜ਼ਰੀਨ ਦਾ ਧੰਨਵਾਦ ਕੀਤਾ।