ਔਰਤ ਦੇ ਕੰਨਾਂ ’ਚੋਂ ਸੋਨੇ ਦੇ ਟਾਪਸ ਝਪਟਣ ਵਾਲੇ ਦੋ ਝਪਟਮਾਰ ਕਾਬੂ, ਇਕ ਟਾਪਸ ਬਰਾਮਦ
ਫ਼ਿਰੋਜ਼ਪੁਰ, 3 ਨਵੰਬਰ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਨੇ ਇਕ ਔਰਤ ਦੇ ਕੰਨਾਂ ਵਿਚੋਂ ਸੋਨੇ ਦੇ ਟਾਪਸ ਝਪਟ ਕੇ ਫ਼ਰਾਰ ਹੋਣ ਵਾਲੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਸੋਨੇ ਦਾ ਟਾਪਸ ਵੀ ਬਰਾਮਦ ਕੀਤਾ ਹੈ।
ਫ਼ਿਰੋਜ਼ਪੁਰ, 3 ਨਵੰਬਰ (ਗੁਰਿੰਦਰ ਸਿੰਘ)-ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਝਪਟਮਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਥਾਣਾ ਸਦਰ ਫ਼ਿਰੋਜ਼ਪੁਰ ਦੀ ਪੁਲਿਸ ਨੇ ਇਕ ਔਰਤ ਦੇ ਕੰਨਾਂ ਵਿਚੋਂ ਸੋਨੇ ਦੇ ਟਾਪਸ ਝਪਟ ਕੇ ਫ਼ਰਾਰ ਹੋਣ ਵਾਲੇ ਦੋ ਝਪਟਮਾਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ । ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇਕ ਸੋਨੇ ਦਾ ਟਾਪਸ ਵੀ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਕੈਲਾਸ਼ ਕੌਰ ਪਤਨੀ ਰਣਜੀਤ ਸਿੰਘ ਵਾਸੀ ਪਿੰਡ ਖ਼ੁਸ਼ਹਾਲ ਸਿੰਘ ਵਾਲਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੀ ਨੂੰਹ ਨਾਲ ਸਕੂਟਰੀ ’ਤੇ ਫ਼ਿਰੋਜ਼ਪੁਰ ਸ਼ਹਿਰ ਤੋਂ ਆਪਣੇ ਘਰ ਵਾਪਸ ਜਾ ਰਹੀ ਸੀ, ਜਦੋਂ ਉਹ ਪਿੰਡ ਰੱਖੜੀ ਖ਼ੁਸ਼ਹਾਲ ਸਿੰਘ ਵਾਲਾ ਨੇੜੇ ਪਹੁੰਚੀਆਂ ਤਾਂ ਪਿੱਛੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਦੋ ਨੌਜਵਾਨਾਂ ਵਿਚੋਂ ਪਿੱਛੇ ਬੈਠੇ ਨੌਜਵਾਨ ਨੇ ਉਸ ਦੇ ਕੰਨਾਂ ਵਿਚ ਪਾਏ ਸੋਨੇ ਦੇ ਟਾਪਸ ਝਪਟ ਮਾਰ ਕੇ ਖੋਹ ਲਏ ਅਤੇ ਦੋਵੇਂ ਮੌਕੇ ਤੋਂ ਫ਼ਰਾਰ ਹੋ ਗਏ। ਝਪਟਮਾਰੀ ਕਾਰਨ ਉਸ ਦੇ ਕੰਨਾਂ ਵਿਚੋਂ ਖੂਨ ਵੀ ਵਗਣ ਲੱਗ ਪਿਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਦੌਰਾਨ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਨੌਜਵਾਨਾਂ ਦੀ ਪਛਾਣ ਬਿੱਕਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਆਲੇ ਵਾਲਾ ਅਤੇ ਬਲਜੀਤ ਸਿੰਘ ਉਰਫ਼ ਸ਼ੇਰਾ ਪੁੱਤਰ ਨਿੰਦਰ ਸਿੰਘ ਵਾਸੀ ਪਿੰਡ ਫ਼ਤਿਹਗੜ੍ਹ ਸਭਰਾਵਾਂ, ਥਾਣਾ ਮੱਲਾਂਵਾਲਾ ਵਜੋਂ ਕੀਤੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਇਕ ਸੋਨੇ ਦੇ ਟਾਪਸ ਸਮੇਤ ਕਾਬੂ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਇਸ ਸਬੰਧੀ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਬੀ.ਐੱਨ.ਐੱਸ. ਦੀਆਂ ਸਬੰਧਿਤ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ।