ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪੁਲਿਸ ਨੂੰ ਭੇਜੀ ਸ਼ਿਕਾਇਤ, ਨਸ਼ਾ ਤਸਕਰਾਂ ਦੀ ਸੂਚੀ ਵੀ ਸੌਂਪੀ
ਅਬੋਹਰ, 13 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸੂਬੇ ਵਿਚ ਦਿਨੋ-ਦਿਨ ਵੱਧ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਲੈ ਕੇ ਜਿੱਥੇ ਇਕ ਪਾਸੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਚੁੱਕਾ ਹੈ, ਉੱਥੇ ਹੀ ਹੁਣ ਗਰਾਮ ਪੰਚਾਇਤਾਂ ਨੇ ਵੀ ਆਪਣੇ ਪੱਧਰ ‘ਤੇ ਨਸ਼ਾ ਤਸਕਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਮਾਮਲੇ ਨੂੰ ਲੈ ਕੇ ਕੰਧਵਾਲਾ ਰੋਡ ਸਥਿਤ ਢਾਣੀ ਵਿਸ਼ੇਸ਼ਰਨਾਥ ਅਤੇ ਢਾਣੀ ਮੁਲਤਾਨ ਸਿੰਘ ਦੇ ਵਸਨੀਕਾਂ ਦੀ ਇਕ ਹੰਗਾਮੀ ਮੀਟਿੰਗ ਪੰਚਾਇਤ ਘਰ ਵਿਖੇ ਹੋਈ।
ਅ
ਅਬੋਹਰ ਹਲਕੇ ਦੀਆਂ ਪੰਚਾਇਤਾਂ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਪਾਏ ਮਤੇ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਅਤੇ ਹੋਰ ਪਿੰਡ ਵਾਸੀ। ਤਸਵੀਰ-ਤੇਜਿੰਦਰ ਸਿੰਘ ਖ਼ਾਲਸਾ
14-11-2026
ਅਬੋਹਰ, 13 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸੂਬੇ ਵਿਚ ਦਿਨੋ-ਦਿਨ ਵੱਧ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਲੈ ਕੇ ਜਿੱਥੇ ਇਕ ਪਾਸੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਚੁੱਕਾ ਹੈ, ਉੱਥੇ ਹੀ ਹੁਣ ਗਰਾਮ ਪੰਚਾਇਤਾਂ ਨੇ ਵੀ ਆਪਣੇ ਪੱਧਰ ‘ਤੇ ਨਸ਼ਾ ਤਸਕਰਾਂ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸੇ ਮਾਮਲੇ ਨੂੰ ਲੈ ਕੇ ਕੰਧਵਾਲਾ ਰੋਡ ਸਥਿਤ ਢਾਣੀ ਵਿਸ਼ੇਸ਼ਰਨਾਥ ਅਤੇ ਢਾਣੀ ਮੁਲਤਾਨ ਸਿੰਘ ਦੇ ਵਸਨੀਕਾਂ ਦੀ ਇਕ ਹੰਗਾਮੀ ਮੀਟਿੰਗ ਪੰਚਾਇਤ ਘਰ ਵਿਖੇ ਹੋਈ। ਇਸ ਮੀਟਿੰਗ ਵਿਚ ਢਾਣੀ ਵਿਸ਼ੇਸ਼ਰਨਾਥ ਦੀ ਮਹਿਲਾ ਸਰਪੰਚ ਅਨੀਤਾ ਰਾਣੀ ਦੇ ਪਤੀ ਹਰੀਸ਼ ਕੁਮਾਰ ਅਤੇ ਢਾਣੀ ਮੁਲਤਾਨ ਸਿੰਘ ਦੀ ਮਹਿਲਾ ਸਰਪੰਚ ਪ੍ਰਦੀਪ ਕੌਰ ਦੇ ਪਤੀ ਤੇ ਸਾਬਕਾ ਸਰਪੰਚ ਰੁਪਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਮੀਟਿੰਗ ਵਿਚ ਸ਼ਾਮਲ ਲੋਕਾਂ ਨੇ ਪਿੰਡ ਵਿਚ ਵੱਧ ਰਹੀ ਨਸ਼ਿਆਂ ਦੀ ਵਿੱਕਰੀ ਦਾ ਵਿਰੋਧ ਕਰਦਿਆਂ ਨਸ਼ਾ ਵੇਚਣ ਵਾਲਿਆਂ ਨੂੰ ਪਿੰਡ ਵਿਚੋਂ ਬਾਹਰ ਕੱਢਣ ਦੀ ਮੰਗ ਕੀਤੀ। ਮੀਟਿੰਗ ਦੌਰਾਨ ਪਿੰਡ ਵਾਸੀਆਂ ਨੇ ਦੱਸਿਆ ਕਿ ਦੂਜੇ ਸੂਬਿਆਂ ਤੋਂ ਆਏ ਇਕ-ਦੋ ਨਸ਼ਾ ਤਸਕਰ ਢਾਣੀ ਵਿਸ਼ੇਸ਼ਰਨਾਥ ਵਿਚ ਦਿਨ-ਰਾਤ ਨਸ਼ਿਆਂ ਦੀ ਸਪਲਾਈ ਕਰਦੇ ਹਨ। ਇਹ ਨਸ਼ਾ ਤਸਕਰ ਰਾਤ ਸਮੇਂ ਗਲੀਆਂ ਵਿਚ ਸ਼ਰੇਆਮ ਨਸ਼ਾ ਵੇਚਦੇ ਹਨ। ਲੋਕਾਂ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਕਰੀਬ 11 ਵਜੇ ਮੋਟਰਸਾਈਕਲ ‘ਤੇ ਪ੍ਰੈਸ਼ਰ ਹਾਰਨ ਲਗਾ ਕੇ ਇਹ ਨਸ਼ਾ ਤਸਕਰ ਗਲੀਆਂ ਵਿਚ ਹੁੱਲੜਬਾਜ਼ੀ ਕਰਦੇ ਹਨ। ਜਦ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਕਥਿਤ ਨਸ਼ਾ ਤਸਕਰਾਂ ਨੇ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਵਿਚ ਆਵਾਜ਼ ਸਮੇਤ ਰਿਕਾਰਡ ਹੋ ਗਈ। ਲੋਕਾਂ ਨੇ ਦੱਸਿਆ ਕਿ ਪਿੰਡ ਵਿਚ 1-2 ਦੁਕਾਨਦਾਰ ਵੀ ਸ਼ਰੇਆਮ ਨਸ਼ੀਲੇ ਕੈਪਸੂਲ ਅਤੇ ਚਿੱਟਾ ਆਦਿ ਵੇਚਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ‘ਤੇ ਕਾਬੂ ਨਾ ਪਾਇਆ ਗਿਆ ਤਾਂ ਆਉਣ ਵਾਲੀ ਪੀੜ੍ਹੀ ਨਸ਼ਿਆਂ ਦੀ ਦਲਦਲ ਵਿਚ ਫਸ ਜਾਵੇਗੀ। ਦੋਵਾਂ ਪੰਚਾਇਤਾਂ ਦੇ ਸਰਪੰਚਾਂ ਅਤੇ ਪਿੰਡ ਦੇ ਸੂਝਵਾਨ ਵਿਅਕਤੀਆਂ ਨੇ ਫ਼ੈਸਲਾ ਕੀਤਾ ਕਿ ਇਨ੍ਹਾਂ ਨਸ਼ਾ ਤਸਕਰਾਂ ਨੂੰ ਪਿੰਡ ਵਿਚ ਕੋਈ ਵੀ ਵਿਅਕਤੀ ਆਪਣਾ ਮਕਾਨ ਕਿਰਾਏ ‘ਤੇ ਨਹੀਂ ਦੇਵੇਗਾ। ਇਸ ਦੇ ਨਾਲ ਹੀ ਦੋਵੇਂ ਪੰਚਾਇਤਾਂ ਵਲੋਂ ਨਸ਼ਾ ਤਸਕਰਾਂ ਖ਼ਿਲਾਫ਼ ਲਿਖਤੀ ਰੂਪ ਵਿਚ ਮਤਾ ਪਾਸ ਕਰਕੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜੀ ਜਾਵੇਗੀ। ਸਰਪੰਚਾਂ ਨੇ ਕਿਹਾ ਕਿ ਜੇਕਰ ਇਸ ਤੋਂ ਬਾਅਦ ਵੀ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ‘ਤੇ ਰੋਕ ਨਾ ਲੱਗੀ ਤਾਂ ਦੋਵਾਂ ਢਾਣੀਆਂ ਦੇ ਸੈਂਕੜੇ ਲੋਕ ਇਕੱਠੇ ਹੋ ਕੇ ਫ਼ਾਜ਼ਿਲਕਾ ਵਿਖੇ ਐੱਸ.ਐੱਸ.ਪੀ ਨਾਲ ਮੁਲਾਕਾਤ ਕਰਨਗੇ। ਸਰਪੰਚ ਪਤੀ ਰੁਪਿੰਦਰ ਸਿੰਘ ਅਤੇ ਹਰੀਸ਼ ਕੁਮਾਰ ਨੇ ਕਿਹਾ ਕਿ ਮੌਜੂਦਾ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਅਜਿਹੇ ਵਿਚ ਜੇਕਰ ਕਿਸੇ ਵੀ ਗਲੀ-ਮੁਹੱਲੇ ਵਿਚ ਕੋਈ ਵਿਅਕਤੀ ਨਸ਼ਾ ਵੇਚਦਾ ਜਾਂ ਖ਼ਰੀਦਦਾ ਪਾਇਆ ਜਾਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਅਤੇ ਗਰਾਮ ਪੰਚਾਇਤ ਨੂੰ ਦਿੱਤੀ ਜਾਵੇ, ਤਾਂ ਜੋ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।