ਪਲਸ ਪੋਲੀਓ ਮੁਹਿੰਮ ਵਿਚ ਮੀਰਾ ਨਰਸਿੰਗ ਕਾਲਜ ਦੇ ਵਿਦਿਆਰਥੀ ਨਿਭਾ ਰਹੇ ਹਨ ਅਹਿਮ ਭੂਮਿਕਾ
ਅਬੋਹਰ, 23 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ ਦੇ ਵਿਦਿਆਰਥੀ ਕੌਮੀ ਪਲਸ ਪੋਲੀਓ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਉਂਦਿਆਂ ਸਿਹਤ ਵਿਭਾਗ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾਵਾਂ ਨਿਭਾ ਰਹੇ ਹਨ। ਕਾਲਜ ਦੇ ਏ.
ਅਬੋਹਰ, 23 ਨਵੰਬਰ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਫ਼ਾਜ਼ਿਲਕਾ ਰੋਡ ਸਥਿਤ ਮੀਰਾ ਮੈਡੀਕਲ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹਸਪਤਾਲ ਦੇ ਵਿਦਿਆਰਥੀ ਕੌਮੀ ਪਲਸ ਪੋਲੀਓ ਮੁਹਿੰਮ ਵਿਚ ਅਹਿਮ ਭੂਮਿਕਾ ਨਿਭਾਉਂਦਿਆਂ ਸਿਹਤ ਵਿਭਾਗ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾਵਾਂ ਨਿਭਾ ਰਹੇ ਹਨ। ਕਾਲਜ ਦੇ ਏ.ਐਨ.ਐੱਮ, ਜੀ.ਐਨ.ਐੱਮ, ਬੀ.ਐੱਸ.ਸੀ. ਨਰਸਿੰਗ ਪੋਸਟ ਬੇਸਿਕ, ਬੀ.ਐੱਸ.ਸੀ. ਨਰਸਿੰਗ ਅਤੇ ਐੱਮ.ਐੱਸ.ਸੀ. ਨਰਸਿੰਗ ਦੇ ਵਿਦਿਆਰਥੀ ਸਰਕਾਰੀ ਹਸਪਤਾਲ ਅਬੋਹਰ ਅਤੇ ਸਰਕਾਰੀ ਹਸਪਤਾਲ ਫ਼ਾਜ਼ਿਲਕਾ ਦੇ ਅਧੀਨ ਚਲਾਈ ਜਾ ਰਹੀ ਇਸ ਕੌਮੀ ਮੁਹਿੰਮ ਵਿਚ ਉਤਸ਼ਾਹ ਨਾਲ ਹਿੱਸਾ ਲੈ ਰਹੇ ਹਨ। ਅਬੋਹਰ ਅਤੇ ਫ਼ਾਜ਼ਿਲਕਾ ਖੇਤਰ ਵਿਚ ਚਲਾਈ ਜਾ ਰਹੀ ਇਸ ਮੁਹਿੰਮ ਦਾ ਮੁੱਖ ਉਦੇਸ਼ ਪੰਜ ਸਾਲ ਤੋਂ ਘੱਟ ਉਮਰ ਦਾ ਕੋਈ ਵੀ ਬੱਚਾ ਪੋਲੀਓ ਰੋਕੂ ਦਵਾਈ ਦੀਆਂ 2 ਬੂੰਦਾਂ ਪੀਣ ਤੋਂ ਵਾਂਝਾ ਨਾ ਰਹੇ। ਇਸ ਮੰਤਵ ਲਈ ਵਿਦਿਆਰਥੀਆਂ ਦੀਆਂ ਵੱਖ-ਵੱਖ ਪੋਲੀਓ ਬੂਥਾਂ ਅਤੇ ਘਰ-ਘਰ ਜਾ ਕੇ ਦਵਾਈ ਪਿਲਾਉਣ ਦੀਆਂ ਗਤੀਵਿਧੀਆਂ ਵਿਚ ਡਿਊਟੀਆਂ ਲਗਾਈਆਂ ਗਈਆਂ ਹਨ। ਵਿਦਿਆਰਥੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੂਰੀ ਲਗਨ ਅਤੇ ਜ਼ਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਮੁਹਿੰਮ ਦਾ ਸੰਚਾਲਨ ਸਰਕਾਰੀ ਹਸਪਤਾਲ ਅਬੋਹਰ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ। ਇਸ ਦੌਰਾਨ ਦਿਨੇਸ਼ ਮੈਡਮ, ਬਰਤ ਸੇਠੀ, ਗੁਰਪ੍ਰੀਤ ਕੌਰ ਅਤੇ ਸੰਜੀਵ ਕੁਮਾਰ ਸਮੇਤ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਮੁਹਿੰਮ ਦੇ ਇੰਚਾਰਜਾਂ ਦੀ ਅਗਵਾਈ ਹੇਠ ਵਿਦਿਆਰਥੀ ਇਸ ਕੌਮੀ ਉਪਰਾਲੇ ਨੂੰ ਸਫਲ ਬਣਾਉਣ ਵਿਚ ਜੁਟੇ ਹੋਏ ਹਨ। ਇਸ ਮੌਕੇ ਕਾਲਜ ਦੇ ਚੇਅਰਮੈਨ ਡਾ. ਜੀ.ਐੱਸ.ਮਿੱਤਲ ਨੇ ਕਿਹਾ ਕਿ ਨਰਸਿੰਗ ਸਿੱਖਿਆ ਦਾ ਮਕਸਦ ਸਿਰਫ਼ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਅਤੇ ਡਾਕਟਰੀ ਸਿਖਲਾਈ ਦੇਣਾ ਹੀ ਨਹੀਂ, ਸਗੋਂ ਉਨ੍ਹਾਂ ਅੰਦਰ ਮਨੁੱਖੀ ਸੰਵੇਦਨਾਵਾਂ, ਸਮਾਜਿਕ ਜ਼ਿੰਮੇਵਾਰੀ ਅਤੇ ਸੇਵਾ ਭਾਵਨਾ ਪੈਦਾ ਕਰਨਾ ਵੀ ਹੈ। ਮੀਰਾ ਨਰਸਿੰਗ ਕਾਲਜ ਦੇ ਵਿਦਿਆਰਥੀ ਹਮੇਸ਼ਾ ਸਮਾਜਿਕ ਅਤੇ ਸਿਹਤ ਜਾਗਰੂਕਤਾ ਦੇ ਪ੍ਰੋਗਰਾਮਾਂ ਵਿਚ ਮੋਹਰੀ ਭੂਮਿਕਾ ਨਿਭਾਉਂਦੇ ਆਏ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਲੋਂ ਚਲਾਈ ਜਾ ਰਹੀ ਇਸ ਕੌਮੀ ਮੁਹਿੰਮ ਵਿਚ ਵਿਦਿਆਰਥੀਆਂ ਦੀ ਸਰਗਰਮ ਸ਼ਮੂਲੀਅਤ ਸ਼ਲਾਘਾਯੋਗ ਹੈ। ਇਸ ਮੁਹਿੰਮ ਵਿਚ ਕਾਲਜ ਦੇ ਸਟਾਫ਼ ਮੈਂਬਰ ਪ੍ਰੋਫੈਸਰ ਜਗਮਿੰਦਰ ਕੌਰ, ਸਰੋਜ ਰਾਣੀ, ਪ੍ਰਵੀਨ ਰਾਣੀ, ਰਮਨਦੀਪ ਕੌਰ, ਅਮਨਦੀਪ ਕੌਰ, ਮੰਗਤ ਸਿੰਘ, ਵਿਜੇ ਕੁਮਾਰ, ਪਵਨ ਕੁਮਾਰ, ਅਦਿਤੀ, ਰਾਜ ਰਾਣੀ, ਰੋਹਿਤ ਨਾਗਪਾਲ ਅਤੇ ਤਿਲੋਕ ਸਿੰਘ ਸਮੇਤ ਹੋਰ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਵੀ ਸਰਗਰਮ ਸਹਿਯੋਗ ਦਿੱਤਾ।