ਬਠਿੰਡਾ, 6 ਜਨਵਰੀ (ਅਵਤਾਰ ਸਿੰਘ ਕੈਂਥ)-ਸਥਾਨਕ ਮਾਲ ਰੋਡ 'ਤੇ ਲੇਬਰ ਚੌਕ 'ਤੇ ਠੰਢ ਕਾਰਨ ਇਕ ਹੋਰ ਮਜ਼ਦੂਰ ਦੀ ਮੌਤ ਹੋ ਗਈ | ਇਸ ਮਜ਼ਦੂਰ ਦੀ ਮੌਤ ਨਾਲ ਹੁਣ ਜਨਵਰੀ ਮਹੀਨੇ ਵਿਚ ਠੰਢ ਨਾਲ ਹੋਈਆਂ ਮੌਤਾਂ ਦੀ ਗਿਣਤੀ ਤਿੰਨ ਹੋ ਗਈ ਹੈ | ਖ਼ਬਰ ਸੁਣ ਕੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ ਮੈਂਬਰ, ਵਿੱਕੀ ਕੁਮਾਰ ਅਤੇ ਸੰਦੀਪ ਗੋਇਲ ਲੇਬਰ ਚੌਕ ਪਹੁੰਚੇ | ਸਹਾਰਾ ਟੀਮ ਨੇ ਮਿ੍ਤਕ ਬਾਰੇ ਕੋਤਵਾਲੀ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਮਿ੍ਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਪਹੁੰਚਾਇਆ | ਸਹਾਰਾ ਜਨ ਸੇਵਾ ਦੇ ਵਿੱਕੀ ਕੁਮਾਰ ਨੇ ਦੱਸਿਆ ਕਿ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ | ਫ਼ਿਲਹਾਲ ਮਿ੍ਤਕ ਕੋਲੋਂ ਅਜਿਹਾ ਕੋਈ ਦਸਤਾਵੇਜ਼ ਨਹੀਂ ਮਿਲਿਆ ਜੋ ਮਿ੍ਤਕ ਦੀ ਪਹਿਚਾਣ ਕਰਨ ਵਿਚ ਮੱਦਦ ਕਰ ਸਕੇ | ਸਹਾਰਾ ਸੰਸਥਾ ਦੇ ਬਾਨੀ ਵਿਜੇ ਗੋਇਲ ਨੇ ਦੱਸਿਆ ਕਿ ਨਵੇਂ ਸਾਲ ਦੀ ਜਨਵਰੀ ਮਹੀਨੇ ਦੀ ਛੇ ਤਰੀਕ ਤੱਕ ਠੰਢ ਨਾਲ ਤਿੰਨ ਮੌਤਾਂ ਹੋ ਚੁੱਕੀਆਂ ਹਨ | ਸੰਸਥਾ ਵਲੋਂ ਬੇਸਹਾਰਿਆਂ ਨੂੰ ਠੰਢ ਤੋਂ ਬਚਾਉਣ ਲਈ ਕੰਬਲਾਂ ਦੀ ਸੇਵਾ ਕੀਤੀ ਜਾ ਰਹੀ ਹੈ ਅਤੇ ਬੱਸ ਸਟੈਂਡ, ਰੇਲਵੇ ਸਟੇਸ਼ਨ ਤੋਂ ਇਲਾਵਾ ਜਿੱਥੇ ਜਿੱਥੇ ਬੇਸਹਾਰਾ ਵਰਾਂਡਿਆਂ ਵਿਚ ਸੌਂਦੇ ਹਨ, ਉਥੇ ਅੱਗ ਬਾਲ ਕੇ ਗਰਮੀ ਪਹੁੰਚਾਉਣ ਦੀ ਸੇਵਾ ਕੀਤੀ ਜਾ ਰਹੀ ਹੈ |