ਬਠਿੰਡਾ 'ਚ ਵਾਪਰੀ ਬੇਅਦਬੀ ਦੀ ਘਟਨਾ, ਗਲੀ 'ਚੋਂ ਖਿੱਲਰੇ ਮਿਲੇ ਗੁਟਕਾ ਸਾਹਿਬ ਦੇ ਅੰਗ
ਅਜੀਤ ਡੈਸਕ
03-03-2026
ਬਾਬਾ ਦੀਪ ਸਿੰਘ ਨਗਰ ਵਿਚ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੇਵ ਸਿੰਘ ਨੇ ਦੱਸਿਆ ਕਿ ਉਹ ਬੀਤੀ 28 ਫਰਵਰੀ ਨੂੰ ਗੁਰੁ ਘਰ ਵਿਖੇ ਨਤਮਸਤਕ ਹੋਣ ਉਪਰੰਤ ਜਦੋਂ ਘਰ ਪਹੁੰਚੇ ਤਾਂ ਕੁਝ ਸਮੇਂ ਬਾਅਦ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੁਲਦੀਪ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਕੁਝ ਸੰਗਤਾਂ ਗੁਰੂ ਘਰ ਦੇ ਨੇੜੇ ਇਕ ਗਲੀ ਵਿਚ ਪਾੜ ਕੇ ਸੁੱਟੇ ਗਏ ਗੁਟਕਾ ਸਾਹਿਬ ਦੇ ਕੁੱਝ ਅੰਗ ਲੈ ਕੇ ਆਈਆਂ ਹਨ, ਜਿਸ ਬਾਅਦ ਉਨ੍ਹਾਂ ਤੁਰੰਤ ਕਮੇਟੀ ਮੈਂਬਰਾਂ ਨਾਲ ਘਟਨਾ ਸਥਾਨ 'ਤੇ ਪੜਤਾਲ ਕੀਤੀ ਅਤੇ ਸੀ.ਸੀ.ਟੀ.ਵੀ. ਕੈਮਰੇ ਖੰਘਾਲੇ ਪਰ ਇਹ ਘਟਨਾ ਕਾਫੀ ਦੂਰੀ 'ਤੇ ਵਾਪਰਨ ਕਰਕੇ ਕੈਮਰਿਆਂ 'ਚ ਕੈਦ ਨਹੀਂ ਹੋ ਸਕੀ | ਇਸ ਬਾਅਦ ਉਨ੍ਹਾਂ ਨਗਰ ਦੇ ਕੌਂਸਲਰ, ਪੁਲਿਸ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੂਚਨਾ ਦਿੱਤੀ |
ਇਸ ਸਬੰਧੀ ਸੂਚਨਾ ਮਿਲਣ ਉਪਰੰਤ ਘਟਨਾ ਸਥਾਨ 'ਤੇ ਪੁੱਜੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬੇਅਦਬੀ ਏਜੰਸੀਆਂ ਕਰਵਾ ਰਹੀਆਂ ਹਨ ਤੇ ਅਜਿਹਾ ਜਾਣਬੁੱਝ ਕੇ ਕੀਤਾ ਜਾ ਰਿਹਾ, ਸਿੱਖ ਕੌਮ 'ਤੇ ਵਾਰ-ਵਾਰ ਹਮਲੇ ਕਰਕੇ ਉਨ੍ਹਾਂ 'ਚ ਡਰ ਪੈਦਾ ਕੀਤਾ ਜਾ ਰਿਹਾ ਹੈ ਤੇ ਇਹ ਸਿੱਖਾਂ ਨੂੰ ਆਪਣੇ ਧਰਮ ਤੋਂ ਦੂਰ ਕਰਨ ਦੀ ਚਾਲ ਹੈ | ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਸਬੰਧੀ ਧਰਮ ਪ੍ਰਚਾਰ ਕਮੇਟੀ ਦੇ ਇੰਚਾਰਜ ਭੋਲਾ ਸਿੰਘ ਦੀ ਅਗਵਾਈ 'ਚ ਜਾਂਚ ਕਮੇਟੀ ਬਣਾ ਦਿੱਤੀ ਹੈ ਤੇ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੂੰ ਤੁਰੰਤ ਪੜਤਾਲ ਕਰਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ | ਇਸ ਸਬੰਧੀ ਥਾਣਾ ਕੈਨਾਲ ਕਾਲੋਨੀ ਦੇ ਮੁੱਖ ਅਧਿਕਾਰੀ ਇੰਸਪੈਕਟਰ ਹਰਜੋਤ ਸਿੰਘ ਦਾ ਕਹਿਣਾ ਸੀ ਕਿ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਦਿਆਂ ਉਨ੍ਹਾਂ ਦੀ ਭਾਲ ਤੇ ਮਾਮਲੇ ਦੀ ਜਾਂਚ ਲਈ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਹਨ |