ਕੋਟਫੱਤਾ, 6 ਅਪ੍ਰੈਲ (ਰਣਜੀਤ ਸਿੰਘ ਬੁੱਟਰ)-ਉਪਮੰਡਲ ਕੋਟਸ਼ਮੀਰ ਅਧੀਨ ਕੰਮ ਕਰਦੇ ਜੇ ਈ ਕੌਂਸ਼ਵ ਜੈਨ ਦੀ ਇਕ ਸ਼ਿਕਾਇਤ ਦੇ ਅਧਾਰ 'ਤੇ ਕੀਤੀ ਬਦਲੀ ਨੂੰ ਰੱਦ ਕਰਵਾਉਣ ਲਈ ਉਪ ਮੰਡਲ ਕੋਟਸ਼ਮੀਰ ਅਧੀਨ ਕੰਮ ਕਰਦੇ ਸਮੂਹ ਬਿਜਲੀ ਕਰਮਚਾਰੀ ਉਸਦੇ ਹੱਕ ਵਿਚ ਨਿੱਤਰ ਆਏ | ਟੈਕਨੀਕਲ ਸਰਵਿਸਜ਼ ਯੂਨੀਅਨ ਦੇ ਪ੍ਰਧਾਨ ਰਜਿੰਦਰ ਕੁਮਾਰ, ਮੀਤ ਪ੍ਰਧਾਨ ਸੁਖਪਾਲ ਸਿੰਘ ਕੋਟਸ਼ਮੀਰ, ਸਕੱਤਰ ਸੁਖਪ੍ਰੀਤ ਸਿੰਘ ਕੋਟ ਸ਼ਮੀਰ ਤੇ ਖ਼ਜ਼ਾਨਚੀ ਗੁਰਬਾਜ ਸਿੰਘ ਨੇ ਪ੍ਰੈੱਸ ਦੇ ਨਾਮ ਜਾਰੀ ਪੱਤਰ ਵਿਚ ਕਿਹਾ ਕਿ ਬੀਤੇ ਦਿਨ ਬਠਿੰਡਾ ਪਹੁੰਚੇ ਮੁੱਖ ਮੰਤਰੀ ਕੋਲ ਇਕ ਪਿੰਡ ਦੇ ਸਰਪੰਚ ਨੇ ਜੇ ਈ ਕੌਂਸਵ ਜੈਨ ਦੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਅੱਜ ਇਕ ਅੰਗਰੇਜ਼ੀ ਅਖ਼ਬਾਰ ਵਿਚ ਜੇ ਈ ਦੀ ਬਦਲੀ ਕੀਤੇ ਜਾਣ ਸਬੰਧੀ ਖ਼ਬਰ ਲੱਗੀ ਹੈ ਜਿਸ ਦੀ ਯੂਨੀਅਨ ਪੂਰਨ ਤੌਰ 'ਤੇ ਨਿੰਦਿਆ ਕਰਦੀ ਹੈ ਤੇ ਹਰ ਪੱਖ ਤੋਂ ਇਮਾਨਦਾਰ, ਮਿਹਨਤੀ ਜੇ ਈ ਨਾਲ ਚਟਾਨ ਵਾਂਗ ਖੜ੍ਹੀ ਹੈ ਤੇ ਜੇਕਰ ਜੇ ਈ ਦੀ ਬਦਲੀ ਨੂੰ ਨਾ ਰੋਕਿਆ ਗਿਆ ਤਾਂ ਸਾਨੂੰ ਮਜ਼ਬੂਰਨ ਕੰਮ ਬੰਦ ਕਰਕੇ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਵੇਗਾ | ਜੇਕਰ ਸੰਘਰਸ਼ ਦੌਰਾਨ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਇਸਦੀ ਸਾਰੀ ਜ਼ਿੰਮੇਵਾਰੀ ਉੱਚ ਅਫ਼ਸਰਾਂ ਦੀ ਹੋਵੇਗੀ |