ਰਾਮਪੁਰਾ ਫੂਲ, 8 ਮਈ (ਹੇਮੰਤ ਕੁਮਾਰ ਸ਼ਰਮਾ, ਨਰਪਿੰਦਰ ਧਾਲੀਵਾਲ): ਉਦਯੋਗਪਤੀ, ਸਮਾਜ ਸੇਵੀ ਅਤੇ ਰਾਜਨੀਤਿਕ ਆਗੂ ਮਨਜੀਤ ਸਿੰਘ ਸਿੱਧੂ ਉਰਫ਼ ਬਿੱਟੀ ਸੇਲਬਰਾਹੀਆ ਅਤੇ ਅਮਰੀਕਾ ਦੇ ਸ਼ਹਿਰ ਫਲੋਰਿਡਾ ਵਿਚ ਸਫਲ ਕਾਰੋਬਾਰੀ ਬਲਜੀਤ ਸਿੰਘ ਸਿੱਧੂ ਉਰਫ਼ ਡਿੰਪੀ ਦੀ ਮਾਤਾ ਸਵ: ਸੁਖਦੇਵ ਕੌਰ ਸਿੱਧੂ ਦੀ ਅੰਤਿਮ ਅਰਦਾਸ ਗੁਰਦੁਆਰਾ ਪਾਤਸ਼ਾਹੀ ਛੇਵੀਂ ਭਾਈ ਬਹਿਲੋ ਪਿੰਡ ਸੇਲਬਰਾਹ ਵਿਖੇ ਆਯੋਜਿਤ ਕੀਤੀ ਗਈ | ਇਸ ਮੌਕੇ ਵੱਡੀ ਗਿਣਤੀ ਵਿਚ ਰਾਜਨੀਤਿਕ ਆਗੂਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਉਦਯੋਗਿਕ ਅਤੇ ਵਪਾਰਕ ਜਗਤ ਨਾਲ ਜੁੜੇ ਲੋਕਾਂ, ਕਿਸਾਨ ਸੰਗਠਨਾਂ, ਸਮਾਜਿਕ, ਧਾਰਮਿਕ ਦੇ ਅਹੁਦੇਦਾਰਾਂ, ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਸਵ: ਮਾਤਾ ਸੁਖਦੇਵ ਕੌਰ ਸਿੱਧੂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ | ਇਸ ਮੌਕੇ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਉਪਰੰਤ ਕੀਰਤਨੀ ਜੱਥੇ ਵਲੋਂ ਸ਼ਬਦ ਕੀਰਤਨ ਕੀਤਾ ਗਿਆ | ਇਸ ਮੌਕੇ ਸਹਾਰਾ ਸਮਾਜ ਸੇਵਾ ਅਤੇ ਸਮੂਹ ਕਾਂਵੜ ਸੰਘ ਐਮਰਜੈਂਸੀ ਬਲੱਡ ਸੇਵਾ ਵਲੋਂ ਸਾਂਝੇ ਤੌਰ 'ਤੇ ਖ਼ੂਨਦਾਨ ਕੈਂਪ ਲਗਾਇਆ ਗਿਆ ਅਤੇ ਗ੍ਰੀਨ ਮਿਸ਼ਨ ਵੈੱਲਫ਼ੇਅਰ ਸੁਸਾਇਟੀ ਵਲੋਂ ਮਾਤਾ ਸੁਖਦੇਵ ਕੌਰ ਦੀ ਯਾਦ ਵਿਚ ਬੂਟੇ ਵੰਡੇ ਗਏ | ਅੰਤਿਮ ਅਰਦਾਸ ਮੌਕੇ ਸਿੱਧੂ ਸੇਲਬਰਾਹੀਆ ਪਰਿਵਾਰ ਨਾਲ ਲੋਕਾਂ ਦਾ ਵੱਡਾ ਇਕੱਠ ਦੁੱਖ ਸਾਂਝਾ ਕਰਨ ਮੌਕੇ ਸ਼ਾਮਿਲ ਹੋਇਆ |