ਤਲਵੰਡੀ ਸਾਬੋ, 22 ਜੂਨ (ਰਣਜੀਤ ਸਿੰਘ ਰਾਜੂ)- ਮੁੱਖ ਮੰਤਰੀ ਭਗਵੰਤ ਮਾਨ ਦੀਆਂ ਫੇਰੀਆਂ ਦੌਰਾਨ ਪੰਜਾਬ ਪੁਲਿਸ ਵਲੋਂ ਸਿੱਖ ਚਿੰਤਕਾਂ, ਬੁੱਧੀਜੀਵੀਆਂ ਅਤੇ ਕਾਰਕੁੰਨਾਂ ਨੂੰ ਗ਼ੈਰ-ਕਾਨੂੰਨੀ ਤਰੀਕੇ ਨਾਲ ਨਜ਼ਰਬੰਦ ਕਰਨ, ਤੰਗ-ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਦੇ ਬੁਨਿਆਦੀ ਜ਼ਮਹੂਰੀ ਹੱਕਾਂ ਦਾ ਸ਼ਰੇਆਮ ਘਾਣ ਕਰਨ ਦੇ ਮਾਮਲੇ ਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਸਖਤ ਨੋਟਿਸ ਲੈਂਦਿਆਂ ਇਸ ਦੀ ਨਿਖੇਧੀ ਕੀਤੀ ਹੈ ਤੇ ਮਾਨ ਸਰਕਾਰ ਦੇ ਇਸ ਵਤੀਰੇ ਨੂੰ ਫ਼ਾਸ਼ੀਵਾਦੀ ਅਤੇ ਕਾਇਰਤਾਪੂਰਨ ਕਰਾਰ ਦਿੱਤਾ ਹੈ। ਪ੍ਰੈੱਸ ਬਿਆਨ ਰਾਹੀਂ ਸਿੰਘ ਸਾਹਿਬ ਬਾਬਾ ਟੇਕ ਸਿੰਘ ਨੇ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ‘ਗੁਰੂ ਦੋਖੀ’ ਅਤੇ ‘ਖਾਲਸਾ ਪੰਥ ਵਿਰੋਧੀ’ ਐਲਾਨਿਆ ਗਿਐ ਉਦੋਂ ਤੋਂ ਹਕੂਮਤ ਦੇ ਅੰਦਰ ਸਿੱਖ ਕੌਮ ਦੇ ਸਵਾਲਾਂ ਦਾ ਸਾਹਮਣਾ ਕਰਨ ਦਾ ਖ਼ੌਫ਼ ਐਨਾ ਵਧ ਗਿਐ ਕਿ ਉਹ ਹੁਣ ਪੁਲਿਸ ਬਲਾਂ ਦੀ ਦੁਰਵਰਤੋਂ ਕਰਕੇ ਸਿੱਖਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਫ਼ਰੀਦਕੋਟ ਦੇ ਸਿੱਖ ਕਾਰਕੁੰਨ ਗੁਰਸੇਵਕ ਸਿੰਘ ਭਾਣੇ ਦੇ ਘਰ ਬਿਨ੍ਹਾਂ ਕਿਸੇ ਕੇਸ ਜਾਂ ਕਾਨੂੰਨੀ ਪ੍ਰਕਿਰਿਆ ਅਪਣਾਉਣ ਦੇ ਪੁਲਿਸ ਵਲੋਂ ਛਾਪੇਮਾਰੀ ਕਰਨ ਨੂੰ ਬੇਹੱਦ ਘਿਨਾਉਣੀ ਅਤੇ ਨਿੰਦਣਯੋਗ ਦੱਸਦਿਆਂ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਦਾ ਮੁੱਖ ਮੰਤਰੀ ਇਹ ਭਰਮ ਪਾਲੀ ਬੈਠਾ ਹੈ ਕਿ ਉਹ ਆਪਣੇ ਸਰਕਾਰੀ ਤੰਤਰ, ਧੱਕੇਸ਼ਾਹੀ ਜਾਂ ਪੁਲਸੀਆ ਡੰਡੇ ਦੇ ਜ਼ੋਰ ’ਤੇ ਸਿੱਖ ਨੌਜਵਾਨਾਂ ਦੀ ਸੱਚ ਦੀ ਆਵਾਜ਼ ਬੰਦ ਕਰ ਦੇਵੇਗਾ ਤਾਂ ਉਹ ਭੁਲੇਖੇ ’ਚ ਹੈ। ਸਿੰਘ ਸਾਹਿਬ ਨੇ ਕਿਹਾ ਕਿ ਅਸੀਂ ਸਿੱਖ ਨੌਜਵਾਨਾਂ ਅਤੇ ਕੌਮੀ ਦਰਦ ਰੱਖਣ ਵਾਲੇ ਚਿੰਤਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।
ਸਿੱਖ ਚਿੰਤਕਾਂ ਦੀ ਆਵਾਜ਼ ਦਬਾਉਣ ਦੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆਵੇ ਪੰਜਾਬ ਸਰਕਾਰ- ਜਥੇ: ਬਾਬਾ ਟੇਕ ਸਿੰਘ
ਅਜੀਤ ਡੈਸਕ
23-06-2026