ਸੀਂਗੋ ਮੰਡੀ, 24 ਜੁਲਾਈ (ਲੱਕਵਿੰਦਰ ਸ਼ਰਮਾ)- ਸਥਾਨਕ ਕਸਬੇ ਦੇ ਦੋ ਭਤੀਜਿਆਂ ਨੇ ਆਪਣੀ ਸਕੀ ਭੂਆ ਨੂੰ ਉਸ ਦੇ ਨਾਮ ’ਤੇ ਜ਼ਮੀਨ ਦਿਵਾਉਣ ਦੀ ਆੜ ਵਿਚ ਕਰੋੜਾਂ ਦੀ ਠੱਗੀ ਮਾਰਨ ਵਾਲੇ ਦੋ ਔਰਤਾਂ ਸਮੇਤ ਚਾਰ ਲੋਕਾਂ ’ਤੇ ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ। ਪੁਲਿਸ ਕੋਲ ਦਰਜ ਕਰਵਾਏ ਮਾਮਲੇ ਅਨੁਸਾਰ ਜਸਪਾਲ ਕੌਰ ਵਿਧਵਾ ਮਿੱਠੂ ਸਿੰਘ ਨੇ ਦੱਸਿਆ ਕਿ ਮੇਰਾ ਸਹੁਰਾ ਪਿੰਡ ਪੱਕਾ ਜ਼ਿਲ੍ਹਾ ਸਿਰਸਾ ਹੈ ਤੇ ਮੇਰੇ ਕੋਈ ਬੱਚਾ ਨਾ ਹੋਣ ਕਰਕੇ ਮੈਨੂੰ ਗੁਰਮੀਤ ਕੌਰ ਨੂੰ ਗੋਦ ਪਾਉਣਾ ਪਿਆ ਤੇ ਮੇਰੇ ਕੋਲ ਕੁਲ 20 ਏਕੜ ਜਮੀਨ ਸੀ ਤੇ ਮੈਂ ਜਿਸ ਵਿਚੋਂ 10 ਏਕੜ ਜ਼ਮੀਨ ਗੁਰਮੀਤ ਕੌਰ ਨੂੰ ਦੇ ਦਿੱਤੀ ਤੇ ਜਿਸ ਦਾ ਵਿਆਹ ਮੈਂ ਜਗਜੀਤ ਸਿੰਘ ਪੁੱਤਰ ਗੁਰਤੇਜ ਸਿੰਘ ਵਾਸੀ ਦੇਸੂ ਮਲਕਾਣਾ ਨਾਲ ਕਰ ਦਿੱਤਾ ਸੀ ਤੇ ਹੁਣ ਮੈਂ ਬਜ਼ੁਰਗ ਅਵਸਥਾ ਵਿਚ ਘਰੇ ਇਕੱਲੀ ਰਹਿ ਗਈ ਸੀ। ਬਜ਼ੁਰਗ ਅਵਸਥਾ ਹੋਣ ਕਰਕੇ ਉਸ ਦੀ ਦੇਖਭਾਲ ਕਰਨ ਲਈ ਕੋਈ ਨਾ ਹੋਣ ਕਰਕੇ ਆਪਣੇ ਭਰਾ ਨਾਜਰ ਸਿੰਘ ਅਤੇ ਭਤੀਜੇ ਅੰਮ੍ਰਿਤਪਾਲ ਸਿੰਘ, ਸਾਧੂ ਸਿੰਘ ਦੇ ਇਹ ਕਹਿਣ ’ਤੇ ਕਿ ਉਹ ਇਸ ਜਮੀਨ ਦੇ ਬਦਲੇ ਉਸ ਨੂੰ ਇਥੋਂ ਹੋਰ ਜ਼ਮੀਨ ਲੈ ਕੇ ਦੇਣਗੇ ਆਪਣੇ ਪੱਕਾ ਸ਼ਹੀਦਾਂ ਵਾਲੀ ਬਾਕੀ ਬਚਦੀ ਜ਼ਮੀਨ ਅਤੇ ਘਰ ਵਿਚੋਂ ਕੁਝ ਜਗ੍ਹਾ ਵੇਚ ਕੇ ਪਿੰਡ ਸੀਂਗੋ ਵਿਖੇ ਇਨ੍ਹਾਂ ਪਾਸ ਰਹਿਣ ਦਾ ਬਿਆਨ ਕੀਤਾ ਸੀ। ਇਸ ਵੇਚੀ ਹੋਈ ਜ਼ਮੀਨ ਤੇ ਘਰ ਦੀ ਕੁਲ ਰਾਸ਼ੀ 1 ਕਰੋੜ 11 ਲੱਖ 90 ਹਜਾਰ ਸਥਾਨਕ ਇੰਡੀਆ ਬੈਂਕ ਵਿਚ 7 ਫਰਵਰੀ 2024 ਨੂੰ ਖੁੱਲ੍ਹਵਾਏ ਖਾਤਾ ਵਿਚ ਬਿਆਨ ਹੋਏ ਸਨ, ਪਰ ਕਥਿਤ ਦੋਸ਼ੀਆਂ ਨੇ ਜਸਪਾਲ ਕੌਰ ਦੇ ਨਾਮ ’ਤੇ ਜ਼ਮੀਨ ਲੈਣ ਦਾ ਝਾਂਸਾ ਦੇ ਕੇ ਆਪਣੇ ਘਰ ਵਾਲੀਆਂ ਗੁਰਮੀਤ ਕੌਰ ਪਤਨੀ ਸਾਧੂ ਸਿੰਘ ਤੇ ਰਘਵੀਰ ਕੌਰ ਪਤਨੀ ਅੰਮ੍ਰਿਤਪਾਲ ਸਿੰਘ ਦੇ ਨਾਮ ’ਤੇ ਕਰਵਾ ਕੇ ਠੱਗੀ ਮਾਰ ਲਈ ਤੇ ਜਸਪਾਲ ਕੌਰ ਵਾਰ-ਵਾਰ ਮੰਗ ਕਰਨ ’ਤੇ ਉਸ ਦੀ ਰਾਸ਼ੀ ਉਸ ਨੂੰ ਵਾਪਸ ਨਹੀਂ ਦਿੱਤੀ ਤੇ ਉਸ ਦਾ ਦਾਣਾ-ਪਾਣੀ ਬੰਦ ਕਰ ਦਿੱਤਾ ਤੇ ਉਸ ਨੇ ਆਪਣੇ ਦੂਸਰੇ ਭਾਈ ਕੇਸਰ ਸਿੰਘ ਤੇ ਆਪਣੀ ਗੋਦ ਲਈ ਲੜਕੀ ਗੁਰਮੀਤ ਕੌਰ ਦੀ ਮਦਦ ਨਾਲ ਪੜਤਾਲ ਕਰਵਾ ਪੁਲਿਸ ਨੂੰ ਦਰਖ਼ਾਸਤ ਦਿੱਤੀ, ਜਿਸ ’ਤੇ ਪੁਲਿਸ ਨੇ ਅੰਮ੍ਰਿਤਪਾਲ ਸਿੰਘ, ਸਾਧੂ ਸਿੰਘ ਦੋਵੇਂ ਪੁੱਤਰ ਨਜਰ ਸਿੰਘ ਹਾਲ ਆਬਾਦ ਸੀਂਗੋ ਮੰਡੀ ਤੇ ਉਨ੍ਹਾਂ ਦੀ ਪਤਨੀਆਂ ਗੁਰਮੀਤ ਕੌਰ ਪਤਨੀ ਸਾਧੂ ਸਿੰਘ ਤੇ ਰਘਵੀਰ ਕੌਰ ਪਤਨੀ ਅਮ੍ਰਿਤਪਾਲ ਸਿੰਘ ਤੇ ਧੋਖਾ ਧੜੀ ਕਰਕੇ 1 ਕਰੋੜ 11 ਲੱਖ 90 ਹਜਾਰ ਦੀ ਠੱਗੀ ਕਰਨ ਵਾਲਾ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ। ਜਿਸ ਦੀ ਕਾਰਵਾਈ ਚੌਕੀ ਇੰਚਾਰਜ ਰਵਨੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਕਥਿਤ ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਜਾਵੇਗਾ।