ਮੌੜ ਮੰਡੀ, 24 ਜੁਲਾਈ (ਗੁਰਜੀਤ ਸਿੰਘ ਕਮਾਲੂ)- ਬੀਤੇ ਦਿਨੀਂ ਬਰਨਾਲਾ ਵਿਖੇ ਰੋਸ ਪ੍ਰਦਰਸ਼ਨ ਕਰ ਰਹੇ ਸਫਾਈ ਸੇਵਕਾਂ ਉੱਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ਼ ਦੇ ਵਿਰੋਧ ਵਿਚ ਅੱਜ ਮੌੜ ਮੰਡੀ ਦੀ ਨਗਰ ਕੌਂਸਲ ਅਧੀਨ ਕੰਮ ਕਰਦੇ ਸਫਾਈ ਸੇਵਕਾਂ ਵਲੋਂ ਧਰਨਾ ਦੇ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜੀ ਕੀਤੀ ਗਈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁੱਤਲਾ ਸਾੜਿਆ ਗਿਆ। ਇਸ ਮੌਕੇ ਸੰਬੋਧਨ ਕਰਦੇ ਹੋਏ ਐਡਵੋਕੇਟ ਰਾਜਵੀਰ ਸਿੰਘ ਮੱਟੂ, ਵੀਰਾ ਸਿੰਘ, ਕੁਲਦੀਪ ਸਿੰਘ, ਗੁਰਮੇਲ ਸਿੰਘ ਮੌੜ ਖੁਰਦ ਆਦਿ ਨੇ ਕਿਹਾ ਕਿ ਬਰਨਾਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਦੇ ਹੋਏ ਸਫ਼ਾਈ ਸੇਵਕਾਂ ਉਪਰ ਪੰਜਾਬ ਪੁਲਿਸ ਦੇ ਡੀ.ਐਸ.ਪੀ. ਅਤੇ ਐਸ.ਐਚ.ਓ. ਵਲੋਂ ਬੇਰਹਿਮੀ ਨਾਲ ਤਸੱਦਦ ਕੀਤਾ ਗਿਆ ਹੈ ਉਹ ਅਤਿ ਦਰਜ਼ੇ ਦੀ ਨਿੰਦਣਯੋਗ ਕਰਵਾਈ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਧਰਨਾ ਪ੍ਰਦਰਸ਼ਨ ਕਰਨ ਦਾ ਸਭ ਨੂੰ ਹੱਕ ਹੈ, ਪਰ ਪੰਜਾਬ ਪੁਲਿਸ ਦੇ ਕੁਝ ਅਧਿਕਾਰੀਆਂ ਨੇ ਆਪਣਾ ਲੋਕਾਂ ਪ੍ਰਤੀ ਫਰਜ਼ ਭੁੱਲ ਕੇ ਸੱਤਾ ਦੇ ਇਸ਼ਾਰਿਆਂ ’ਤੇ ਚੱਲ ਕੇ ਗਰੀਬ ਸਫ਼ਾਈ ਸੇਵਕਾਂ ਨਾਲ ਪਸ਼ੂਆਂ ਵਰਗਾ ਵਿਵਹਾਰ ਕੀਤਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਾਠੀਚਾਰਜ਼ ਕਰਨ ਵਾਲੇ ਇਨ੍ਹਾਂ ਅਫਸਰਾਂ ਨੂੰ ਨੌਕਰੀ ਤੋਂ ਬਰਖਾਸਤ ਕਰਕੇ ਘਰ ਭੇਜਿਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰ੍ਹਾਂ ਦੀ ਜ਼ੁਰਤ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਪੁਲਿਸ ਅਧਿਕਾਰੀਆਂ ਖਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸਰਕਾਰ ਖਿਲਾਫ਼ ਵੱਡਾ ਸੰਘਰਸ਼ ਵਿੱਢਿਆ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।