ਬਠਿੰਡਾ, 24 ਜੁਲਾਈ (ਸੱਤਪਾਲ ਸਿੰਘ ਸਿਵੀਆਂ)-ਪੰਜਾਬ ਖੇਤ ਮਜ਼ਦੂਰ ਯੂਨੀਅਨ ਨੇ ਸਾਂਝੇ ਮਜ਼ਦੂਰ ਮੋਰਚੇ ਦੀ ਜਲੰਧਰ ਰੈਲੀ ਸਬੰਧੀ ਪਿੰਡਾਂ ‘ਚ ਲਾਮਬੰਦੀ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਅਤੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਨੇ ਦੱਸਿਆ ਕਿ 5 ਅਗਸਤ ਦੀ ਜਲੰਧਰ ਸੂਬਾਈ ਰੈਲੀ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੀਤੇ ਜਾਣ ਵਾਲੇ ਮਾਰਚ ਨੂੰ ਸਫ਼ਲ ਬਣਾਉਣ ਲਈ ਲਾਮਬੰਦੀ ਮੁਹਿੰਮ ਬਠਿੰਡਾ, ਬਰਨਾਲਾ, ਮੁਕਤਸਰ, ਫਰੀਦਕੋਟ, ਮੋਗਾ, ਸੰਗਰੂਰ, ਜਲੰਧਰ ਤੇ ਮਲੇਰਕੋਟਲਾ ਜ਼ਿਲਿਆਂ ‘ਚ ਜ਼ੋਰਦਾਰ ਢੰਗ ਨਾਲ ਚਲਾਈ ਜਾਵੇਗੀ। ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਨੇਕਾਂ ਵਾਰ ਮੋਰਚੇ ਨੂੰ ਲਿਖਤੀ ਮੀਟਿੰਗਾਂ ਦੇ ਕੇ ਮੀਟਿੰਗ ਕਰਨ ਤੋਂ ਭੱਜ ਗਏ ਹਨ, ਜਿਸ ਦੇ ਰੋਸ ਵਜੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਮੰਗ ਕੀਤੀ ਕਿ ਬਰਨਾਲਾ ‘ਚ ਸਫਾਈ ਕਰਮਚਾਰੀਆਂ ‘ਤੇ ਵਹਿਸ਼ੀ ਲਾਠੀਚਾਰਜ ਦੇ ਦੋਸ਼ੀ ਡੀਐਸਪੀ ਤੇ ਹੋਰਨਾਂ ਮੁਲਾਜ਼ਮਾਂ ’ਤੇ ਐਸਸੀਐਸਟੀ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਜਾਵੇ ਅਤੇ ਦਿੱਲੀ ਤੇ ਪੰਜਾਬ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ’ਤੇ ਜਬਰ ਢਾਹੁਣ ਵਾਲੇ ਪੁਲਸੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮੇਜਰ ਕਾਲੇਕੇ, ਗੁਰਪਾਲ ਨੰਗਲ ਤੇ ਹਰਭਗਵਾਨ ਮੂਣਕ ਮੌਜੂਦ ਸਨ।