ਜ਼ਿਲ੍ਹਾ ਬਾਰ ਐਸੋਸੀਏਸ਼ਨ ਬਠਿੰਡਾ ਦੀਆਂ ਚੋਣਾਂ ਦਾ ਵੱਜਿਆ ਬਿਗਲ, 11 ਸਤੰਬਰ ਨੂੰ ਪੈਣਗੀਆਂ ਵੋਟਾਂ
ਬਠਿੰਡਾ, 24 ਅਗਸਤ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀ. ਬੀ.
ਬਠਿੰਡਾ, 24 ਅਗਸਤ (ਸੱਤਪਾਲ ਸਿੰਘ ਸਿਵੀਆਂ)-ਜ਼ਿਲ੍ਹਾ ਬਾਰ ਐਸੋਸੀਏਸ਼ਨ (ਡੀ.ਬੀ.ਏ.) ਬਠਿੰਡਾ ਦੇ ਪ੍ਰਧਾਨ, ਉੱਪ-ਪ੍ਰਧਾਨ, ਉੱਪ-ਪ੍ਰਧਾਨ (ਔਰਤ), ਸਕੱਤਰ, ਜਥੇਬੰਦਕ ਸਕੱਤਰ ਅਤੇ ਖ਼ਜ਼ਾਨਚੀ ਦੇ ਅਹੁਦੇ ਲਈ 11 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਦਾ ਬਿਗੁਲ ਵਜ ਚੁੱਕਿਆ ਹੈ, ਜਿਸ ਸੰਬੰਧੀ ਚੋਣ ਅਧਿਕਾਰੀਆਂ ਵਲੋਂ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਾਰੀ ਕੀਤੇ ਗਏ ਚੋਣ ਸ਼ਡਿਊਲ ਅਨੁਸਾਰ 25 ਅਗਸਤ ਨੂੰ ਅਧਿਕਾਰਤ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ ਅਤੇ 26 ਤੇ 27 ਅਗਸਤ ਨੂੰ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਚਾਹਵਾਨ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ। 28 ਅਗਸਤ ਨੂੰ ਰੱਖੜੀ ਦੇ ਤਿਉਹਾਰ ਦੀ ਛੁੱਟੀ ਹੋਣ ਕਰਕੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ 29 ਅਗਸਤ ਨੂੰ ਕੀਤੀ ਜਾਵੇਗੀ ਅਤੇ 31 ਅਗਸਤ ਨੂੰ ਨਾਮਜ਼ਦਗੀਆਂ ਵਾਪਸ ਲੈਣ ਦਾ ਦਿਨ ਹੈ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਇਸ ਉਪਰੰਤ 1 ਸਤੰਬਰ ਨੂੰ ਚੋਣ ਲੜਨ ਵਾਲੇ ਯੋਗ ਉਮੀਦਵਾਰਾਂ ਦੀ ਅੰਤਿਮ ਸੂਚੀ ਪ੍ਰਦਰਸ਼ਿਤ ਕੀਤੀ ਜਾਵੇਗੀ ਅਤੇ 11 ਸਤੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਉੱਕਤ ਅਹੁਦਿਆਂ ਲਈ ਵੋਟਾਂ ਪੈਣ ਦੀ ਪ੍ਰਕਿਰਿਆ ਚੱਲੇਗੀ। ਉਨ੍ਹਾਂ ਦੱਸਿਆ ਕਿ 11 ਸਤੰਬਰ ਨੂੰ ਵੋਟਾਂ ਪੈਣ ਦਾ ਕੰਮ ਨਿੱਬੜਨ ਉਪਰੰਤ ਗਿਣਤੀ ਕਰਕੇ ਨਤੀਜਾ ਘੋਸ਼ਿਤ ਕੀਤਾ ਜਾਵੇਗਾ। ਇਨ੍ਹਾਂ ਚੋਣਾਂ ਨੂੰ ਲੈ ਕੇ ਵਕੀਲ ਭਾਈਚਾਰੇ ਵਿਚ ਕਾਫੀ ਉਤਸ਼ਾਹ ਹੈ। ਬਾਕਸ- ਔਰਤ ਵਰਗ ਲਈ ਉੱਪ-ਪ੍ਰਧਾਨ ਦਾ ਅਹੁਦਾ ਪਹਿਲੀ ਵਾਰ ਕੀਤਾ ਰਾਖਵਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਨੇ ਦੱਸਿਆ ਕਿ ਵਕਾਲਤ ਦੇ ਕਿੱਤੇ ਵਿਚ ਲਗਾਤਾਰ ਔਰਤ ਵਕੀਲਾਂ ਦੀ ਵੱਧ ਰਹੀ ਗਿਣਤੀ ਨੂੰ ਦੇਖਦਿਆਂ ਇਨ੍ਹਾਂ ਚੋਣਾਂ ਦੌਰਾਨ ਪਹਿਲੀ ਵਾਰ ਔਰਤ ਵਰਗ ਲਈ ਉਪ-ਪ੍ਰਧਾਨ ਦਾ ਅਹੁਦਾ ਰਾਖਵਾਂ ਕੀਤਾ ਗਿਆ ਹੈ, ਜਦਕਿ ਆਮ ਚੋਣ ਦੌਰਾਨ ਇਕ ਉਪ-ਪ੍ਰਧਾਨ ਵੱਖਰਾ ਚੁਣਿਆ ਜਾਣਾ ਹੈ। ਇਸ ਦੌਰਾਨ ਹੁਣ ਇਕ ਔਰਤ ਵਰਗ ਲਈ ਰਾਖਵੇਂ ਅਤੇ ਇਕ ਆਮ ਦੋ ਉੱਪ-ਪ੍ਰਧਾਨਾਂ ਦੀ ਚੋਣ ਹੋਵੇਗੀ।