ਭਾਜਪਾ ਵਲੋਂ ਮਾਲਵਾ ਜ਼ੋਨ ਦੀ ‘ਪੰਜਾਬ ਨਸ਼ਾ ਮੁਕਤ ਯਾਤਰਾ’ 21 ਨੂੰ- ਦਿਆਲ ਸੋਢੀ
ਬਠਿੰਡਾ, 15 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਰਤੀ ਜਨਤਾ ਪਾਰਟੀ ਵਲੋਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਨਸ਼ਿਆਂ ਦੇ ਵਿਰੁੱਧ ਕੱਢੀ ਜਾ ਰਹੀ ‘ਪੰਜਾਬ ਨਸ਼ਾ ਮੁਕਤ ਯਾਤਰਾ’ ਦੇ ਮਾਲਵਾ ਜੋਨ ਦੀ ਸ਼ੁਰੂਆਤ 21 ਸਤੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਹੋਵੇਗੀ। ਇਹ ਜਾਣਕਾਰੀ ਮਾਲਵਾ ਜੋਨ ਯਾਤਰਾ ਦੇ ਕੋਆਰਡੀਨੇਟਰ ਦਿਆਲ ਸੋਢੀ ਨੇ ਸਾਂਝੀ ਕੀਤੀ ਹੈ।
ਬਠਿੰਡਾ, 15 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਭਾਰਤੀ ਜਨਤਾ ਪਾਰਟੀ ਵਲੋਂ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਨਸ਼ਿਆਂ ਦੇ ਵਿਰੁੱਧ ਕੱਢੀ ਜਾ ਰਹੀ ‘ਪੰਜਾਬ ਨਸ਼ਾ ਮੁਕਤ ਯਾਤਰਾ’ ਦੇ ਮਾਲਵਾ ਜੋਨ ਦੀ ਸ਼ੁਰੂਆਤ 21 ਸਤੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਹੋਵੇਗੀ। ਇਹ ਜਾਣਕਾਰੀ ਮਾਲਵਾ ਜੋਨ ਯਾਤਰਾ ਦੇ ਕੋਆਰਡੀਨੇਟਰ ਦਿਆਲ ਸੋਢੀ ਨੇ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਚਾਰ ਵੱਖ-ਵੱਖ ਰੂਟਾਂ ਰਾਹੀਂ ਇਹ ਯਾਤਰਾ ਕੱਢੀ ਜਾ ਰਹੀ ਹੈ। ਪਹਿਲੀ ਯਾਤਰਾ 18 ਸਤੰਬਰ ਨੂੰ ਜੰਮੂ ਬਾਰਡਰ ਨੇੜੇ ਮਾਧੋਪੁਰ ਸਥਿਤ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਸਮਾਰਕ ਤੋਂ ਸ਼ੁਰੂ ਹੋਵੇਗੀ, ਜਿਸ ਦਾ ਆਗਾਜ਼ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਕਰਨਗੇ। ਉਪਰੰਤ 19, 20 ਅਤੇ 21 ਸਤੰਬਰ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ, ਫ਼ਾਜ਼ਿਲਕਾ ਅਤੇ ਤਲਵੰਡੀ ਸਾਬੋ ਤੋਂ ਦੂਸਰੀਆਂ ਯਾਤਰਾਵਾਂ ਸ਼ੁਰੂ ਹੋਣਗੀਆਂ। ਸੋਢੀ ਨੇ ਕਿਹਾ ਕਿ ਹਰ ਜੋਨ ਵਿਚ 9 ਤੋਂ 10 ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਯਾਤਰਾ ਹਰੇਕ ਵਿਧਾਨ ਸਭਾ ਹਲਕੇ ਵਿਚੋਂ ਲੰਘੇਗੀ। ਹਰ ਰੋਜ਼ ਯਾਤਰਾ ਵਿਚ ਇਕ ਕੌਮੀ ਆਗੂ ਤੇ ਸੂਬਾ ਪੱਧਰੀ ਆਗੂ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਯਾਤਰਾ ਦਾ ਮੁੱਖ ਮਕਸਦ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਾਹਰ ਕੱਢਣ ਲਈ ਸਮਾਜ ਨੂੰ ਇਕਜੁੱਟ ਕਰਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਨ੍ਹਾਂ ਸੂਬਿਆਂ ਵਿਚ ਭਾਜਪਾ ਦੀਆਂ ਸਰਕਾਰਾਂ ਹਨ, ਉਥੇ ਨਸ਼ਿਆਂ ਖ਼ਿਲਾਫ਼ ਕੀਤੇ ਜਾ ਰਹੇ ਉਪਰਾਲਿਆਂ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕਿਆਂ ਨੂੰ ਪੰਜਾਬ ਸਾਹਮਣੇ ਉਦਾਹਰਨ ਵਜੋਂ ਰੱਖਿਆ ਜਾਵੇਗਾ। ਮਾਲਵਾ ਜੋਨ ਦੀ ਯਾਤਰਾ ਬਠਿੰਡਾ ਦਿਹਾਤੀ, ਬਠਿੰਡਾ ਸ਼ਹਿਰੀ, ਮਾਨਸਾ, ਬਰਨਾਲਾ, ਸੰਗਰੂਰ-1, ਸੰਗਰੂਰ-2, ਪਟਿਆਲਾ ਸ਼ਹਿਰੀ, ਪਟਿਆਲਾ ਉੱਤਰੀ ਅਤੇ ਪਟਿਆਲਾ ਦੱਖਣੀ ਜ਼ਿਲ੍ਹਿਆਂ ਵਿਚੋਂ ਲੰਘੇਗੀ। ਉਨ੍ਹਾਂ ਦੱਸਿਆ ਕਿ ਸਾਰੀਆਂ ਯਾਤਰਾਵਾਂ 30 ਸਤੰਬਰ ਨੂੰ ਜਲੰਧਰ ਵਿਖੇ ਪਹੁੰਚ ਕੇ ਸਮਾਪਤ ਹੋਣਗੀਆਂ। ਸੋਢੀ ਨੇ ਕਿਹਾ ਕਿ ਯਾਤਰਾ ਦੇ ਸਾਰੇ ਰੂਟ ਅਤੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਵੀ ਲਗਾ ਦਿੱਤੀਆਂ ਗਈਆਂ ਹਨ। ਉਨ੍ਹਾਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ, ਸਮਾਜ ਸੇਵੀਆਂ ਅਤੇ ਯੂਥ ਕਲੱਬਾਂ ਨੂੰ ਅਪੀਲ ਕੀਤੀ ਕਿ ਉਹ ਇਸ ਯਾਤਰਾ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਤਾਂ ਜੋ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਇਕ ਸੁਨੇਹਾ ਦਿੱਤਾ ਜਾ ਸਕੇ।