ਸਿਵਲ ਹਸਪਤਾਲ ਵਿਖੇ ਸਫ਼ਾਈ ਸੇਵਕਾਂ ਨੇ ਲਗਾਇਆ ਧਰਨਾ
ਰਾਮਪੁਰਾ ਫੂਲ, 18 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ 15 ਅਕਤੂਬਰ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ ਅੱਜ ਵੀ ਜਾਰੀ ਰਿਹਾ। ਇਸ ਧਰਨੇ ਦੌਰਾਨ ਸਫ਼ਾਈ ਸੇਵਕਾਂ ਨੇ ਆਪਣੀਆਂ ਮੰਗਾਂ ਸਬੰਧੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਧਰਨਾ ਅਣਮਿਥੇ ਸਮੇਂ ਲਈ ਜਾਰੀ ਰਹੇਗਾ।
ਰਾਮਪੁਰਾ ਫੂਲ, 18 ਅਕਤੂਬਰ (ਹੇਮੰਤ ਕੁਮਾਰ ਸ਼ਰਮਾ)- ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ 15 ਅਕਤੂਬਰ ਸਫ਼ਾਈ ਸੇਵਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਇਆ ਧਰਨਾ ਅੱਜ ਵੀ ਜਾਰੀ ਰਿਹਾ। ਇਸ ਧਰਨੇ ਦੌਰਾਨ ਸਫ਼ਾਈ ਸੇਵਕਾਂ ਨੇ ਆਪਣੀਆਂ ਮੰਗਾਂ ਸਬੰਧੀ ਆਵਾਜ਼ ਬੁਲੰਦ ਕਰਦਿਆਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਧਰਨਾ ਅਣਮਿਥੇ ਸਮੇਂ ਲਈ ਜਾਰੀ ਰਹੇਗਾ। ਧਰਨਾਕਾਰੀ ਸਫ਼ਾਈ ਸੇਵਕਾਂ ਨੇ ਕਿਹਾ ਕਿ ਉਹ ਨਵੀਂ ਕੰਪਨੀ ਦੇ ਅਧੀਨ ਕੰਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਦੀਆਂ ਤਨਖ਼ਾਹਾਂ ਵਿਚ ਵਾਧਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਪੱਕਾ ਕੀਤਾ ਜਾਵੇ, ਤਾਂ ਜੋ ਉਨ੍ਹਾਂ ਨੂੰ ਰੁਜ਼ਗਾਰ ਸਬੰਧੀ ਸਥਿਰਤਾ ਮਿਲ ਸਕੇ। ਸਫ਼ਾਈ ਸੇਵਕਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਅਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੋਈ ਢੁਕਵਾਂ ਹੱਲ ਨਹੀਂ ਨਿਕਲਦਾ, ਉਦੋਂ ਤੱਕ ਧਰਨਾ ਜਾਰੀ ਰੱਖਣਗੇ। ਸਫ਼ਾਈ ਸੇਵਕਾਂ ਵਲੋਂ ਸਬੰਧਿਤ ਅਧਿਕਾਰੀਆਂ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਗਈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇ, ਤਨਖ਼ਾਹਾਂ ਵਿਚ ਵਾਧਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਪੱਕਾ ਕਰਨ ਸਬੰਧੀ ਢੁਕਵੇਂ ਕਦਮ ਚੁੱਕੇ ਜਾਣ। ਇਸ ਧਰਨੇ ਦੌਰਾਨ ਸਿਵਲ ਹਸਪਤਾਲ ਅੰਦਰ ਸਫ਼ਾਈ ਦਾ ਬੁਰਾ ਹਾਲ ਹੋ ਚੁੱਕਾ ਹੈ। ਮਰੀਜ਼ਾਂ ਦੇ ਕਮਰਿਆਂ ਕੋਲ ਸਫ਼ਾਈ ਨਾ ਹੋਣ ਮਰੀਜ਼ਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਨੇ ਦੱਸਿਆ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਕੂੜੇ ਦੇ ਢੇਰਾਂ ’ਤੇ ਫੈਲ ਰਹੇ ਮੱਛਰਾਂ ਕਾਰਨ ਉਹ ਠੀਕ ਹੋਣ ਦੇ ਉਲਟ ਹੋਰ ਬਿਮਾਰ ਹੋ ਰਹੇ ਹਨ । ਉਨ੍ਹਾਂ ਦੱਸਿਆ ਕਿ ਹਸਪਤਾਲ ਅੰਦਰ ਰਾਤ ਸਮੇਂ ਆਵਾਰਾ ਕੁੱਤੇ ਦਾਖਲ ਹੋਣ ਕਾਰਨ ਵੀ ਗੰਦਗੀ ਫੈਲ ਰਹੀ ਹੈ ਅਤੇ ਕਮਰਿਆਂ ਕੋਲ ਕੂੜੇ ਕਰਕਟ ਦੇ ਢੇਰ ਲੱਗ ਰਹੇ ਹਨ। ਪੀਣ ਵਾਲਾ ਪਾਣੀ ਵੀ ਕਦੇ ਕਦੇ ਨਾ ਆਉਣ ਕਾਰਨ ਉਹ ਮੁਸ਼ਕਿਲ ਵਿਚ ਘਿਰ ਜਾਂਦੇ ਹਨ, ਕਈ ਮਰੀਜ਼ ਤਾਂ ਇੱਥੇ ਦਾਖਲ ਆਉਣ ਤੋਂ ਪਹਿਲਾਂ ਆਪਣੇ ਘਰ ਜਾਣਾ ਬਿਹਤਰ ਸਮਝਦੇ ਹਨ। ਦਾਖਲ ਮਰੀਜ਼ਾਂ ਨੇ ਸਰਕਾਰ ਤੋਂ ਵੀ ਮੰਗ ਕਰਦਿਆਂ ਕਿਹਾ ਕਿ ਹਸਪਤਾਲ ਦੀ ਵਿਗੜ ਰਹੀ ਦੁਰਦਸ਼ਾ ਵੱਲ ਜਲਦੀ ਧਿਆਨ ਦਿੱਤਾ ਜਾਵੇ, ਨਹੀ ਤਾਂ ਹਸਪਤਾਲ ਵਿਚ ਬਿਮਾਰੀਆਂ ਨੂੰ ਫੈਲਣ ਤੋਂ ਨਹੀਂ ਰੋਕਿਆ ਜਾਵੇ ।