ਰਾਮਾਂ ਮੰਡੀ, 5 ਮਾਰਚ (ਤਰਸੇਮ ਸਿੰਗਲਾ)-ਰਾਮਾਂ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਨੇੜਲੇ ਪਿੰਡ ਰਾਮਸਰਾ ਵਿਖੇ ਸਥਿਤ ਐਕਸਿਸ ਬੈਂਕ ਦੇ ਅੰਦਰ ਲੱਗੀ ਏ.ਟੀ.ਐੱਮ. ਮਸ਼ੀਨ ੜੋੜ ਕੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ ਤਿੰਨੇ ਮੁਲਜ਼ਮਾਂ ਨੂੰ ਵਾਰਦਾਤ ਦੇ ਕੁਝ ਘੰਟਿਆਂ ਅੰਦਰ ਹੀ ਰਾਮਾਂ ਪੁਲਿਸ ਵਲੋਂ ਰਿਫ਼ਾਇਨਰੀ ਦੇ ਲੇਬਰ ਚੌਂਕ ਨੇੜਿਓਾ ਗਿ੍ਫ਼ਤਾਰ ਕਰ ਲਿਆ ਗਿਆ | ਥਾਣਾ ਮੁਖੀ ਕੌਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਬੈਂਕ ਦੇ ਸ਼ਾਖ਼ਾ ਮੈਨੇਜਰ ਜਗਜੀਤ ਸਿੰਘ ਵਾਸੀ ਪਿੰਡ ਜੱਜਲ ਵਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ ਸੀ ਕਿ 01 ਮਾਰਚ ਨੂੰ ਅੱਧੀ ਰਾਤ ਦੇ ਕਰੀਬ ਮੈਨੂੰ ਕਮਾਂਡ ਸੈਂਟਰ ਮੁੰਬਈ ਤੋਂ ਫੋਨ ਆਇਆ ਕਿ ਐਕਸਿਸ ਬੈਕ ਪਿੰਡ ਰਾਮਸਰਾ ਦੇ ਬਾਹਰਲੇ ਕੈਮਰੇ ਨਹੀਂ ਚੱਲ ਰਹੇ, ਜਿਸ ਤੋਂ ਬਾਅਦ ਮੈਂ ਅਤੇ ਗੁਰਪ੍ਰੀਤ ਸਿੰਘ (ਬੈਂਕ ਆਪਰੇਸ਼ਨ ਹੈੱਡ) ਬੈਂਕ ਵਿਚ ਪੁੱਜੇ ਤਾਂ ਬੈਂਕ ਦੀ ਏ.ਟੀ.ਐਮ ਮਸ਼ੀਨ ਬਿਲਡਿੰਗ ਤੋਂ ਬਾਹਰ ਪਈ ਸੀ ਅਤੇ ਸ਼ਟਰ ਦਾ ਤਾਲਾ ਅਤੇ ਏ.ਟੀ.ਐਮ ਦੇ ਅੰਦਰ ਅਤੇ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰੇ ਟੁੱਟੇ ਹੋਏ ਸਨ | ਪਰ ਏ.ਟੀ.ਐਮ. ਮਸ਼ੀਨ ਦਾ ਲਾਕ ਨਹੀਂ ਟੁੱਟਿਆ ਸੀ | ਉਨ੍ਹਾਂ ਦੱਸਿਆ ਕਿ ਨਾਮਲੂਮ ਵਿਅਕਤੀਆਂ ਵਲੋਂ ਏ. ਟੀ. ਐਮ. ਮਸ਼ੀਨ ਅਤੇ ਸੀਸੀਟੀਵੀ ਕੈਮਰਿਆਂ ਦੀ ਭੰਨਤੋੜ ਕਰਕੇ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਏਟੀਐਮ ਮਸ਼ੀਨ ਤੋੜਣ ਲਈ ਚਿੱਟੇ ਰੰਗ ਦੀ ਕਰੂਜ਼ਰ ਗੱਡੀ ਦਾ ਵੀ ਇਸਤੇਮਾਲ ਕੀਤਾ ਗਿਆ ਹੈ | ਪੁਲਿਸ ਵਲੋਂ ਤੁਰੰਤ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰਕੇ ਏ. ਟੀ. ਐਮ ਮਸ਼ੀਨ ਦੇ ਸ਼ਟਰ ਦਾ ਤਾਲਾ, ਸ਼ੀਸੇ ਵਾਲਾ ਗੇਟ, ਏ.ਟੀ.ਐਮ ਮਸ਼ੀਨ ਅਤੇ ਸੀ.ਸੀ.ਟੀ.ਵੀ ਕੈਮਰੇ ਤੋੜਨ ਵਾਲੇ ਤਿੰਨੇ ਮੁਲਜ਼ਮਾਂ ਰਵੀ ਕੁਮਾਰ, ਰਣਜੀਤ ਕੁਮਾਰ, ਹਿਮਾਂਸ਼ੂ ਗਨੋਲੀਆ ਉਰਫ਼ ਪਿ੍ੰਸ ਵਾਸੀਆਨ ਵਾਰਡ ਨੰਬਰ 01 ਬਾਘਾ ਰੋਡ ਰਾਮਾਂ ਮੰਡੀ ਨੂੰ ਵਾਰਦਾਤ ਦੇ 24 ਘੰਟਿਆਂ ਵਿਚ ਹੀ ਗਿ੍ਫ਼ਤਾਰ ਕਰ ਲਿਆ ਗਿਆ ਹੈ ਅਤੇ ਕਰੂਜ਼ਰ ਗੱਡੀ ਵੀ ਬਰਾਮਦ ਕਰ ਲਈ ਗਈ ਹੈ |