ਮਾਛੀਵਾੜਾ ਸਾਹਿਬ, 20 ਫਰਵਰੀ (ਰਾਜਦੀਪ ਸਿੰਘ ਅਲਬੇਲਾ)-ਮਾਛੀਵਾੜਾ ਪੁਲਿਸ ਥਾਣਾ 'ਚ ਇੱਕ ਅਜਿਹਾ ਮਾਮਲੇ ਸਾਹਮਣੇ ਆਇਆ ਜਿਸ ਵਿਚ ਪ੍ਰੇਮੀ ਦੇ ਪਿਆਰ 'ਚ ਅੰਨ੍ਹੀ ਹੋਈ ਵਿਆਹੁਤਾ ਆਪਣੇ ਪਤੀ ਤੇ ਸਹੁਰੇ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਘਰੋਂ ਫ਼ਰਾਰ ਹੋ ਗਈ | ਜਾਣਕਾਰੀ ਅਨੁਸਾਰ ਹਰਿਆਣਾ ਦੀ ਇੱਕ ਲੜਕੀ ਦਾ ਵਿਆਹ 3 ਸਾਲ ਪਹਿਲਾਂ ਮਾਛੀਵਾੜਾ ਦੇ ਨੌਜਵਾਨ ਨਾਲ ਹੋ ਗਿਆ ਜੋ ਕਿ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ | ਉਸ ਦੀ ਪਤਨੀ ਦੀ ਸੋਸ਼ਲ ਮੀਡੀਆ ਰਾਹੀਂ ਇੱਕ ਨੌਜਵਾਨ ਨਾਲ ਦੋਸਤੀ ਹੋ ਗਈ ਜੋ ਕਿ ਬਾਅਦ ਵਿਚ ਪ੍ਰੇਮ ਸੰਬੰਧਾਂ ਵਿਚ ਬਦਲ ਗਈ | ਵਿਆਹੁਤਾ ਆਪਣੇ ਪਤੀ ਤੇ ਸਹੁਰੇ ਨੂੰ ਰਾਤ ਸਮੇਂ ਨੀਂਦ ਦੀਆਂ ਗੋਲੀਆਂ ਦੇ ਕੇ ਪ੍ਰੇਮੀ ਨਾਲ ਸਮਾਂ ਗੁਜ਼ਾਰਦੀ ਰਹੀ | ਅਖੀਰ ਵਿਆਹੁਤਾ ਤੇ ਪ੍ਰੇਮੀ ਵਿਚ ਇਸ ਕਦਰ ਅੰਨ੍ਹਾ ਇਸ਼ਕ ਹੋ ਗਿਆ ਕਿ ਦੋਵੇਂ ਫ਼ਰਾਰ ਹੋ ਗਏ | ਪਤੀ ਵਲੋਂ ਇਸ ਸਬੰਧੀ ਮਾਛੀਵਾੜਾ ਪੁਲਿਸ ਥਾਣਾ ਵਿਚ ਸ਼ਿਕਾਇਤ ਦਰਜ ਕਰਵਾਈ ਅਤੇ ਵਿਆਹੁਤਾ ਤੇ ਨੌਜਵਾਨ ਨੂੰ ਥਾਣੇ ਬੁਲਾਇਆ ਗਿਆ | ਦੋ ਦਿਨਾਂ ਦੀ ਜੱਦੋ ਜਹਿਦ ਬਾਅਦ ਅਖੀਰ ਇਹ ਫ਼ੈਸਲਾ ਹੋਇਆ ਕਿ ਪਤੀ ਨੇ ਆਪਣੀ ਪਤਨੀ ਨੂੰ ਰੱਖਣ ਤੋਂ ਇਨਕਾਰ ਕਰਦਿਆਂ ਲਿਖਤੀ ਰੂਪ ਵਿਚ ਤਲਾਕ ਲੈ ਲਿਆ ਅਤੇ ਹਾਲਾਤ ਇਹ ਬਣ ਗਏ ਕਿ ਲੜਕੀ ਦੇ ਮਾਪੇ ਆਪਣੀ ਧੀ ਨੂੰ ਪ੍ਰੇਮੀ ਕੋਲ ਛੱਡਣ ਨੂੰ ਨਹੀਂ ਮੰਨੇ ਤੇ ਆਪਣੇ ਨਾਲ ਲੈ ਗਏ |