ਖੰਨਾ, 20 ਫਰਵਰੀ (ਹਰਜਿੰਦਰ ਸਿੰਘ ਲਾਲ)-ਏ. ਐੱਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਖੰਨਾ ਦੇ ਐਨ. ਐੱਸ. ਐੱਸ. ਯੂਨਿਟ ਅਤੇ ਲਿਟਰੇਰੀ ਕਲੱਬ ਵਲੋਂ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਮਨਾਇਆ ਗਿਆ | ਜਿਸ ਵਿਚ ਮੁੱਖ ਬੁਲਾਰੇ ਵਜੋਂ ਪਿ੍ੰਸੀਪਲ ਇੰਦਰਜੀਤ ਸਿੰਘ (ਏ. ਐੱਸ. ਸੀਨੀਅਰ ਸੈਕੰਡਰੀ ਸਕੂਲ) ਮੌਜੂਦ ਸਨ | ਉਨ੍ਹਾਂ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਾਂ-ਬੋਲੀ ਸਾਡੀ ਪਛਾਣ ਹੈ ਅਤੇ ਮਾਂ-ਬੋਲੀ ਰਾਹੀਂ ਹੀ ਵਿਅਕਤੀ ਦਾ ਸੰਪੂਰਨ ਵਿਕਾਸ ਹੁੰਦਾ ਹੈ ਅਤੇ ਸੰਸਕਾਰਾਂ ਦੀ ਵਿਰਾਸਤ ਅਗਲੀ ਪੀੜ੍ਹੀ ਤੱਕ ਪਹੁੰਚਦੀ ਹੈ | ਕਾਲਜ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀ ਮਾਂ-ਬੋਲੀ ਨੂੰ ਵਿਕਸਿਤ ਕਰਨਾ ਚਾਹੀਦਾ ਹੈ | ਜਿਸ ਨਾਲ ਮਾਨਸਿਕ ਵਿਕਾਸ ਵਿਚ ਵਾਧਾ ਹੁੰਦਾ ਹੈ | ਇਸ ਮੌਕੇ ਕਾਲਜ ਵਿਚ ਭਾਸ਼ਣ ਮੁਕਾਬਲੇ ਕਰਵਾਏ ਗਏ | ਭਾਸ਼ਣ ਮੁਕਾਬਲੇ ਵਿਚ ਜਸ਼ਨਦੀਪ ਕੌਰ ਨੇ ਪਹਿਲਾ, ਏਕਮਜੋਤ ਸਿੰਘ ਰਾਏ ਨੇ ਦੂਜਾ ਅਤੇ ਕਿਰਤਜੋਤ ਕੌਰ ਬਾਠ ਨੇ ਤੀਜਾ ਸਥਾਨ ਹਾਸਲ ਕੀਤਾ | ਇਸ ਮੌਕੇ ਹਸਤਾਖ਼ਰ ਮੁਹਿੰਮ ਚਲਾਈ ਗਈ | ਮੰਚ ਦਾ ਸੰਚਾਲਨ ਪ੍ਰੋ. ਜਸ਼ਨਪ੍ਰੀਤ ਕੌਰ ਨੇ ਕੀਤਾ | ਅੰਤ ਵਿਚ ਕਾਲਜ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਅਤੇ ਸਮੂਹ ਸਟਾਫ਼ ਨੇ ਪਿ੍ੰਸੀਪਲ ਇੰਦਰਜੀਤ ਸਿੰਘ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ | ਕਾਲਜ ਦੇ ਪ੍ਰਧਾਨ ਸੰਜੀਵ ਧਮੀਜਾ, ਉਪ ਪ੍ਰਧਾਨ ਐਡਵੋਕੇਟ ਨਵੀਨ ਥੰਮਣ, ਜਨਰਲ ਸਕੱਤਰ ਰਾਜੇਸ਼ ਡਾਲੀ, ਜੁਆਇੰਟ ਜਨਰਲ ਸਕੱਤਰ ਜਤਿੰਦਰ ਦੇਵਗਨ, ਸਕੱਤਰ ਰਮਰੀਸ਼ ਵਿਜ ਅਤੇ ਹੋਰ ਮੈਂਬਰਾਂ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ |