ਰਾੜਾ ਸਾਹਿਬ, 2 ਮਾਰਚ (ਸੁਖਵੀਰ ਸਿੰਘ ਚਣਕੋਈਆਂ)-ਲੰਮੇ ਸਮੇਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਸੇਵਾਵਾਂ ਨਿਭਾਅ ਰਹੇ ਡਾ. ਰਾਵਿੰਦਰਪਾਲ ਸ਼ਰਮਾ (ਘੁਡਾਣੀ ਕਲ੍ਹਾਂ) ਨੂੰ ਕੇਂਦਰੀ ਮਨੁੱਖ ਅਧਿਕਾਰ ਸੰਗਠਨ ਵੱਲੋਂ ਪੰਜਾਬ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ | ਨਿਯੁਕਤ ਤੋਂ ਬਾਅਦ ਡਾ. ਰਾਵਿੰਦਰਪਾਲ ਸ਼ਰਮਾ ਨੇ ਪਿੰਡ ਘੁਡਾਣੀ ਕਲ੍ਹਾਂ ਵਿਖੇ ਗੱਲਬਾਤ ਕਰਦਿਆਂ ਆਪਣੀ ਨਿਯੁਕਤੀ ਤੇ ਰਾਸ਼ਟਰੀ ਚੇਅਰਮੈਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਪੰਜਾਬ ਅੰਦਰ ਮਨੁੱਖ ਅਧਿਕਾਰਾਂ ਦੀ ਰੱਖਿਆ ਲਈ ਇਮਾਨਦਾਰੀ ਨਾਲ ਕੰਮ ਕਰਨਗੇ | ਡਾ. ਸ਼ਰਮਾ ਨੇ ਕਿਹਾ ਕਿ ਸੂਬੇ ਅੰਦਰ ਫੈਲੇ ਭਿ੍ਸ਼ਟਾਚਾਰ, ਨਸ਼ਿਆਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਦੇ ਹੱਲ ਲਈ ਖ਼ਾਸ ਧਿਆਨ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਅਧੀਨ ਪ੍ਰਦਾਨ ਕੀਤੇ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕਤਾ ਫੈਲਾਉਣਾ, ਸਿਹਤ-ਸਿੱਖਿਆ, ਵਾਤਾਵਰਣ ਅਤੇ ਸਮਾਜਿਕ ਨਿਆਂ ਨਾਲ ਸੰਬੰਧਿਤ ਮਾਮਲਿਆਂ ਤੇ ਕੰਮ ਕਰਨਾ ਉਨ੍ਹਾਂ ਦੀ ਪਹਿਲ ਰਹੇਗੀ ਜਦਕਿ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਜਨਤਕ ਸੰਪਰਕ ਵਧਾਉਣ ਲਈ ਯੋਜਨਾਬੱਧ ਤਰੀਕੇ ਨਾਲ ਕਾਰਜ ਕੀਤੇ ਜਾਣਗੇ |