ਦੋਰਾਹਾ, 2 ਮਾਰਚ (ਪੱਤਰ ਪ੍ਰੇਰਕ)- ਪਿਛਲੇ ਦਿਨੀ ਪੀ. ਐਮ. ਸ਼੍ਰੀ ਸਰਕਾਰੀ ਹਾਈ ਸਕੂਲ ਬੇਗੋਵਾਲ ਦੇ ਵਿਦਿਆਰਥੀਆਂ ਵੱਲੋਂ ਜੈਪੁਰ (ਰਾਜਸਥਾਨ) ਦੀ ਯਾਤਰਾ ਕੀਤੀ ਗਈ | ਮੁੱਖ ਅਧਿਆਪਕਾ ਬਲਜੀਤ ਕੌਰ ਨੇ ਦੱਸਿਆ ਕਿ ਇਹ ਯਾਤਰਾ ਪੀ. ਐਮ. ਸ਼੍ਰੀ ਸਕੂਲਾਂ ਨੂੰ ਦੂਸਰੇ ਰਾਜਾਂ ਵਿੱਚ ਯਾਤਰਾ ਮਦ ਅਧੀਨ ਕਰਵਾਈ ਜਾਂਦੀ ਹੈ | ਜਿਸਦਾ ਸਾਰਾ ਖ਼ਰਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤਾ ਗਿਆ | ਬੱਚਿਆਂ ਨੂੰ ਸਕੂਲ ਤੋਂ ਜੈਪੁਰ ਜਾਣ ਲਈ ਵੋਲਵੋ ਏ. ਸੀ. ਡੀਲਕਸ ਸਲੀਪਰ ਬੱਸ ਰਾਹੀਂ ਗਏ ਬੱਚਿਆਂ ਦਾ ਠਹਿਰਾ ਚਾਰ ਸਟਾਰ ਹੋਟਲ ਵਿੱਚ ਕਰਵਾਇਆ ਗਿਆ | ਬੱਚਿਆਂ ਨੂੰ ਪਿੰਕ ਸਿਟੀ ਜੈਪੁਰ ਦਾ ਬਾਜ਼ਾਰ, ਜੰਤਰ ਮੰਤਰ, ਹਵਾ ਮਹਿਲ, ਜਲ ਮਹਿਲ, ਐਲਬਰਟ ਮਿਊਜ਼ੀਅਮ, ਚੋਖੀ ਢਾਣੀ, ਬਿਰਲਾ ਟੈਂਪਲ, ਪੱਤਰਕਾ ਗੇਟ ਆਦਿ ਦੇ ਨਾਲ ਨਾਲ ਕਿਲਾ ਅਮੇਰ, ਕਿਲਾ ਨਾਰਗੜ੍ਹ ਵੀ ਦਿਖਾਏ ਗਏ | ਸਥਾਨਕ ਗਾਈਡ ਨੇ ਬੱਚਿਆਂ ਨੂੰ ਇਤਿਹਾਸਕ ਹਵਾਲਿਆਂ ਦੇ ਨਾਲ ਵਿਸਥਾਰ ਵਿੱਚ ਜਾਣਕਾਰੀ ਦਿੱਤੀ | ਜੈਪੁਰ ਦੀ ਇਹ ਯਾਤਰਾ ਬੱਚਿਆਂ ਲਈ ਬਹੁਤ ਹੀ ਗਿਆਨ ਵਧਾਉਣ ਵਾਲੀ ਅਤੇ ਆਨੰਦਮਈ ਸਾਬਤ ਹੋਈ | ਬੱਚਿਆਂ ਲਈ ਸਭ ਤੋਂ ਵੱਧ ਰੌਚਕ ਜੈਪੁਰ ਤੋਂ ਚੰਡੀਗੜ੍ਹ ਦਾ ਹਵਾਈ ਸਫ਼ਰ ਰਿਹਾ | ਬੱਚਿਆਂ ਨੂੰ ਏਅਰਪੋਰਟ ਵਿੱਚ ਦਾਖਲ ਹੋਣ ਤੋਂ ਲੈ ਕੇ ਜਹਾਜ਼ ਚੜ੍ਹਨ, ਜਹਾਜ਼ ਉੱਤਰਨ ਅਤੇ ਬਾਹਰ ਆਉਣ ਤੱਕ ਦੇ ਵੱਖ-ਵੱਖ ਪੜਾਵਾਂ ਦੀ ਜਾਣਕਾਰੀ ਵੀ ਦਿੱਤੀ ਗਈ | ਸਮੂਹ ਸਕੂਲ ਕਮੇਟੀ, ਸਟਾਫ਼ ਅਤੇ ਬੱਚਿਆਂ ਵੱਲੋਂ ਸਿੱਖਿਆ ਵਿਭਾਗ ਪੰਜਾਬ ਦਾ ਇਸ ਵਿਸ਼ੇਸ਼ ਯਾਤਰਾ ਲਈ ਧੰਨਵਾਦ ਕੀਤਾ ਗਿਆ |