ਸਿੱਧਵਾਂ ਬੇਟ, 27 ਮਾਰਚ (ਜਸਵੰਤ ਸਿੰਘ ਸਲੇਮਪੁਰੀ)-ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਤੇ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਤਲਵਾੜਾ ਦੇ ਪ੍ਰਧਾਨ ਰਛਪਾਲ ਸਿੰਘ ਤਲਵਾੜਾ ਅਤੇ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਜੰਡੀ ਦੇ ਪ੍ਰਧਾਨ ਅਜਮੇਰ ਸਿੰਘ ਛੀਨਾਂ ਜੰਡੀ ਨੇ ਬਦਲਾਅ ਵਾਲੀ ਇਸ ਮਾਨ ਸਰਕਾਰ ਵਿਚ ਵੇਰਕਾ ਮਿਲਕ ਪਲਾਂਟ ਲੁਧਿਆਣਾ ਵਿਚ ਤਿਆਰ ਹੋਣ ਵਾਲੇ ਸੁੱਕੇ ਦੁੱਧ ਦੇ ਆਰਮੀ ਦੀ ਇਕ ਲੈਬ ਤੋਂ ਸੈਂਪਲ ਫੇਲ੍ਹ ਹੋਣ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਆਖਿਆ ਕਿ ਪਹਿਲਾਂ ਹੀ ਦਿਨ-ਬ-ਦਿਨ ਨਿਘਾਰ ਵੱਲ ਜਾ ਰਹੀ ਸਹਿਕਾਰਤਾ ਨੂੰ ਇਕ ਹੋਰ ਭਾਰੀ ਸੱਟ ਵੱਜੀ ਹੈ ਜਿਸ ਦਾ ਸਿੱਧੇ ਤੌਰ 'ਤੇ ਦੁੱਧ ਉਤਪਾਦਕਾਂ ਦਾ ਹੀ ਨੁਕਸਾਨ ਹੋਵੇਗਾ | ਉਨ੍ਹਾਂ ਆਖਿਆ ਕਿ ਪਿੰਡ ਦੀਆਂ ਸਹਿਕਾਰੀ ਦੁੱਧ ਉਤਪਾਦਕ ਸਭਾਵਾਂ ਰਾਹੀਂ ਜਾਣ ਵਾਲੇ ਦੁੱਧ ਦੇ ਪਹਿਲਾਂ ਪੂਰੀ ਤਰ੍ਹਾਂ ਸੈਂਪਲ ਲਏ ਜਾਂਦੇ ਹਨ ਅਤੇ ਫਿਰ ਹੀ ਦੁੱਧ ਉਤਪਾਦਕਾਂ ਨੂੰ ਰਕਮ ਦੀ ਅਦਾਇਗੀ ਹੁੰਦੀ ਹੈ ਪਰ ਬਾਕੀ ਸਾਰਾ ਖੇਡ ਮਿਲਕ ਪਲਾਂਟਾਂ ਵਿਚ ਹੁੰਦਾ ਹੈ ਪਰ ਇਸ ਦਾ ਖਮਿਆਜਾ ਹੁਣ ਕਿਸਾਨ ਭਰਾਵਾਂ ਨੂੰ ਭੁਗਤਨਾ ਪਵੇਗਾ | ਉਨ੍ਹਾਂ ਆਖਿਆ ਕਿ ਮਾਨ ਸਰਕਾਰ ਨੇ ਤਾਂ ਪਹਿਲਾਂ ਹੀ ਇਕ ਤਰ੍ਹਾਂ ਨਾਲ ਕਿਸਾਨਾਂ ਦੇ ਇਕੋ-ਇਕ ਅਦਾਰੇ ਸਹਿਕਾਰੀ ਖੇਤੀਬਾੜੀ ਸਭਾਵਾਂ ਦਾ ਇਕ ਤਰ੍ਹਾਂ ਨਾਲ ਦਿਵਾਲਾ ਕੱਢ ਕੇ ਰੱਖ ਦਿੱਤਾ ਹੈ | ਸੂਬਾ ਸਰਕਾਰ ਵਲੋਂ ਪੇਸ਼ ਕੀਤੇ ਆਪਣੇ ਕਿਸੇ ਵੀ ਸਾਲਾਨਾ ਬਜਟ ਵਿਚ ਸਹਿਕਾਰਤਾਂ ਨੂੰ ਹੋਰ ਪ੍ਰਫੁਲਿਤ ਕਰਨ ਲਈ ਕੋਈ ਵੀ ਵੱਡੀ ਰਾਸ਼ੀ ਨਹੀਂ ਰੱਖੀ | ਜਿਸ ਨਾਲ ਕਈ ਸਹਿਕਾਰੀ ਖੇਤੀਬਾੜੀ ਸਭਾਵਾਂ ਵੀ ਆਪਣੇ ਬਲਬੂਤੇ ਅਤੇ ਮਿਹਨਤੀ ਕਿਸਾਨਾਂ ਦੇ ਸਹਿਯੋਗ ਨਾਲ ਕਮਾਈ ਕਰ ਰਹੀਆਂ ਹਨ ਪਰ ਕਈ ਸਭਾਵਾਂ ਤਾਂ ਲਗਾਤਾਰ ਘਾਟੇ ਵਿਚ ਜਾ ਰਹੀਆਂ ਹਨ | ਉਕਤ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਮਿਲਕ ਪਲਾਂਟਾਂ ਵਿਚ ਚੱਲ ਰਹੇ ਭਿ੍ਸ਼ਟਾਚਾਰ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰੇ | ਜਿਹੜਾ ਵੀ ਅਧਿਕਾਰੀ ਦੋਸ਼ੀ ਪਾਇਆ ਜਾਵੇ ਉਸ ਨਾਲ ਕੋਈ ਲਿਹਾਜ਼ ਨਾ ਕੀਤੀ ਜਾਵੇ |