ਮਾਛੀਵਾੜਾ ਸਾਹਿਬ, 11 ਅਪ੍ਰੈਲ (ਪੱਤਰ ਪ੍ਰੇਰਕ)-ਇਲਾਕੇ ਦੇ ਇੱਕ ਨਿੱਜੀ ਸਕੂਲ 'ਚ ਇੱਕ ਵਿਦਿਆਰਥੀ ਨੇ ਦੂਜੇ ਦੇ ਜ਼ੋਰਦਾਰ ਪੈਨਸਿਲ ਮਾਰੀ ਜੋ ਕਿ ਹਸਪਤਾਲ ਵਿਚ ਇਲਾਜ ਅਧੀਨ ਹੈ | ਬੱਚੇ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਪੁੱਤਰ ਜਮਾਤ ਵਿਚ ਨਾਲ ਪੜ੍ਹਦੇ ਵਿਦਿਆਰਥੀ ਨੇ ਉਸ ਦੇ ਪਿੱਛੇ ਗੁਪਤ ਅੰਗ 'ਤੇ ਪੈਨਸਿਲ ਮਾਰੀ ਜਿਸ ਦਾ ਸਿੱਕਾ ਟੁੱਟ ਕੇ ਵਿਚ ਹੀ ਰਹਿ ਗਿਆ | ਇਸ ਤੋਂ ਪਹਿਲਾਂ ਵੀ ਕੁੱਝ ਵਿਦਿਆਰਥੀਆਂ ਵਲੋਂ ਮੇਰੇ ਪੁੱਤਰ ਦੀ ਕੁੱਟਮਾਰ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਡਾਕਟਰਾਂ ਅਨੁਸਾਰ ਬੱਚੇ ਦੀ ਸਰਜਰੀ ਕਰਨੀ ਪਵੇਗੀ ਤਾਂ ਹੀ ਇਹ ਸਿੱਕਾ ਬਾਹਰ ਨਿਕਲੇਗਾ | ਜ਼ਖ਼ਮੀ ਬੱਚੇ ਦੀ ਮਾਤਾ ਨੇ ਦੋਸ਼ ਲਗਾਇਆ ਕਿ ਇਸ ਮਾਮਲੇ ਵਿਚ ਸਕੂਲ ਦੀ ਨਾਲਾਇਕੀ ਸਾਹਮਣੇ ਆਈ ਹੈ ਕਿਉਂਕਿ ਨਾ ਕੋਈ ਸਕੂਲ ਪ੍ਰਬੰਧਕ ਅਜੇ ਤੱਕ ਬੱਚੇ ਦਾ ਹਾਲ ਪੁੱਛਣ ਆਇਆ ਅਤੇ ਪਰਿਵਾਰ ਨੂੰ ਵੀ 3 ਘੰਟੇ ਦੇਰੀ ਨਾਲ ਸੂਚਿਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਵੀ ਪੁਲਸ ਬਿਆਨ ਦਰਜ ਕਰਨ ਆਵੇਗੀ ਤਾਂ ਉਹ ਸਾਰਾ ਕੁੱਝ ਬਿਆਨ ਕਰਨਗੇ |