ਖੰਨਾ, 11 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਸਾਬਕਾ ਸੈਨਿਕ ਵੈਲਫ਼ੇਅਰ ਐਸੋਸੀਏਸ਼ਨ ਦੇ ਮੈਂਬਰਾਂ ਦੀ ਇਕੱਤਰਤਾ ਕੈਪਟਨ ਨੰਦ ਲਾਲ ਮਾਜਰੀ ਦੀ ਪ੍ਰਧਾਨਗੀ ਹੇਠਾਂ ਹੋਈ | ਜਿਸ ਵਿਚ ਸਾਬਕਾ ਸੈਨਿਕਾਂ ਨੂੰ ਆਉਂਦੀਆਂ ਦਰਪੇਸ਼ ਸਮੱਸਿਆਵਾਂ ਸਬੰਧੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਕੈਪਟਨ ਮਾਜਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਜੋ ਰਵੱਈਆ ਸਾਬਕਾ ਸੈਨਿਕਾਂ ਨਾਲ ਅਪਣਾਇਆ ਹੈ, ਉਸਦੇ ਆਉਣ ਵਾਲੇ ਸਮੇਂ ਵਿਚ ਭਿਆਨਕ ਨਤੀਜੇ ਸਾਹਮਣੇ ਆਉਣਗੇ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ਵਿਚ ਆਉਣ ਤੋਂ ਪਹਿਲਾ ਸਾਬਕਾ ਸੈਨਿਕਾਂ ਦੀਆਂ ਮੰਗਾਂ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿਵਾਇਆ ਸੀ, ਪਰੰਤੂ ਅੱਜ ਤੱਕ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਅੱਜ ਬਜ਼ੁਰਗ ਸੈਨਿਕਾਂ ਨੂੰ ਸੜਕ ਤੇ ਰੁਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦਿਨ ਰਾਤ ਦੇਸ਼ ਦੇ ਬਾਰਡਰਾਂ ਦੀ ਰਾਖੀ ਕੀਤੀ ਅਤੇ ਹੁਣ ਪਿਛਲੇ ਲੰਬੇ ਸਮੇਂ ਤੋਂ 'ਇਕ ਰੈਂਕ-ਇਕ ਪੈਨਸ਼ਨ' ਲਈ ਧਰਨਾ ਦੇ ਰਹੇ ਹਨ ਜੋ ਸਰਕਾਰਾਂ ਨੂੰ ਨਹੀਂ ਦਿੱਖ ਰਿਹਾ | ਇਸ ਤੋਂ ਇਲਾਵਾ ਪੇ-ਕਮਿਸ਼ਨ ਜੋ 1 ਜਨਵਰੀ 2026 ਤੋਂ ਲਾਗੂ ਹੈ ਉਸਦੀ ਕਿਸ਼ਤ ਅਜੇ ਤੱਕ ਜਾਰੀ ਨਹੀਂ ਕੀਤੀ ਗਈ | ਇਸ ਮੌਕੇ ਕੈਪਟਨ ਮੁਕੰਦ ਸਿੰਘ ਅਤੇ ਸੂਬੇਦਾਰ ਮੇਜਰ ਕਰਨੈਲ ਸਿੰਘ ਨੇ ਕਿਹਾ ਕਿ ਉਹ ਦੇਸ਼ ਕਦੇ ਵੀ ਬੁਲੰਦੀਆਂ ਨਹੀਂ ਛੂਹ ਸਕਦਾ, ਜਿੱਥੇ ਸਰਕਾਰਾਂ ਵੱਲੋਂ ਦਿਨ ਰਾਤ ਡਿਊਟੀ ਕਰਨ ਵਾਲੇ ਸੈਨਿਕਾਂ ਦੇ ਬਣਦੇ ਹੱਕ ਨਾ ਦੇ ਕੇ ਧੱਕੇਸ਼ਾਹੀ ਕੀਤੀ ਜਾਵੇ | ਇਸ ਮੌਕੇ ਸੂਬੇਦਾਰ ਮੇਜਰ ਕਿ੍ਸ਼ਨ ਲਾਲ, ਸੂਬੇਦਾਰ ਰੱਬੀਂ ਸਿੰਘ, ਜਗਰੂਪ ਸਿੰਘ, ਰਾਮ ਮੋਹਨ, ਮੇਵਾ ਸਿੰਘ, ਗੁਰਮੇਲ ਸਿੰਘ ਖ਼ਾਲਸਾ, ਬੰਤ ਸਿੰਘ ਆਦਿ ਹਾਜ਼ਰ ਸਨ |