ਖੰਨਾ, 11 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਖੰਨਾ ਸ਼ਹਿਰ ਲਈ ਬਹੁਤ ਮਾਣ ਅਤੇ ਗੌਰਵ ਦੀ ਗੱਲ ਹੈ ਕਿ ਖੰਨਾ ਦੀ ਬੇਟੀ ਅਮਰਜੀਤ ਕੌਰ ਖੁਰਾਨਾ ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ ਦੀ ਮੈਂਬਰ ਚੁਣੀ ਗਈ ਹੈ | ਇਹ ਸੰਸਥਾ ਕਾਨੂੰਨੀ ਖੇਤਰ ਦੀ ਸਭ ਤੋਂ ਅਹਿਮ ਅਤੇ ਮਾਣਯੋਗ ਸੰਸਥਾਵਾਂ ਵਿਚੋਂ ਇੱਕ ਮੰਨੀ ਜਾਂਦੀ ਹੈ | ਜ਼ਿਕਰਯੋਗ ਹੈ ਕਿ ਬਾਰ ਕੌਂਸਲ ਵਿੱਚ ਕੁੱਲ 25 ਮੈਂਬਰ ਚੁਣੇ ਜਾਂਦੇ ਹਨ, ਜਿਨ੍ਹਾਂ ਵਿਚੋਂ 7 ਮੈਂਬਰ ਮਹਿਲਾਵਾਂ ਲਈ ਰਾਖਵੇਂ ਹੁੰਦੇ ਹਨ | ਇਸ ਚੋਣ ਵਿੱਚ ਖੰਨਾ ਦੀ ਅਮਰਜੀਤ ਕੌਰ ਖੁਰਾਨਾ ਦੀ ਜਿੱਤ ਨੂੰ ਵੱਡੀ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ | ਅਮਰਜੀਤ ਕੌਰ ਖੁਰਾਨਾ ਖੰਨਾ ਦੇ ਪ੍ਰਸਿੱਧ ਗੋਗੀਆ ਪਰਿਵਾਰ ਦੀ ਧੀ ਅਤੇ ਪ੍ਰਸਿੱਧ ਸ਼ਰਾਬ ਕਾਰੋਬਾਰੀ ਗੁਰਸ਼ਰਨ ਸਿੰਘ ਗੋਗੀਆ ਦੀ ਭੈਣ ਹਨ | ਉਨ੍ਹਾਂ ਨੇ ਲਗਭਗ 15 ਸਾਲਾਂ ਤੱਕ ਐਡੀਸ਼ਨਲ ਐਡਵੋਕੇਟ ਜਨਰਲ ਅਤੇ ਡਿਪਟੀ ਐਡਵੋਕੇਟ ਜਨਰਲ ਵਜੋਂ ਆਪਣੀਆਂ ਸੇਵਾਵਾਂ ਨਿਭਾਈਆਂ ਹਨ ਅਤੇ ਕਾਨੂੰਨੀ ਖੇਤਰ ਵਿੱਚ ਵੱਡਾ ਤਜਰਬਾ ਹਾਸਲ ਕੀਤਾ ਹੈ | ਉਨ੍ਹਾਂ ਦੀ ਇਸ ਕਾਮਯਾਬੀ ਨਾਲ ਖੰਨਾ ਅਤੇ ਇਲਾਕੇ ਵਿੱਚ ਖ਼ੁਸ਼ੀ ਦੀ ਲਹਿਰ ਹੈ | ਵਕੀਲ ਭਾਈਚਾਰੇ ਅਤੇ ਸ਼ਹਿਰ ਦੇ ਵੱਖ-ਵੱਖ ਵਰਗਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਇਸਨੂੰ ਖੰਨਾ ਲਈ ਮਾਣ ਵਾਲੀ ਪ੍ਰਾਪਤੀ ਕਰਾਰ ਦਿੱਤਾ ਜਾ ਰਿਹਾ ਹੈ | ਉਨ੍ਹਾਂ ਦੀ ਇਸ ਜਿੱਤ ਤੇ ਵਧਾਈ ਦੇਣ ਵਾਲਿਆਂ ਵਿਚ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਪੰਜਾਬ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਡਾ. ਹਰਜਿੰਦਰ ਸਿੰਘ ਲਾਲ, ਕੌਂਸਲਰ ਜਤਿੰਦਰ ਪਾਠਕ, ਐਡ. ਜਗਜੀਤ ਸਿੰਘ ਔਜਲਾ, ਏ. ਐਸ. ਕਾਲਜਾਂ ਅਤੇ ਸਕੂਲਾਂ ਦੇ ਸਾਬਕ ਟਰੱਸਟੀ ਅਤੇ ਭਾਜਪਾ ਦੇ ਸੂਬਾ ਮੈਂਬਰ ਰਣਜੀਤ ਸਿੰਘ ਹੀਰਾ, ਅਕਾਲੀ ਨੇਤਾ ਇੰਦਰਪਾਲ ਸਿੰਘ, ਸਾਬਕ ਕੌਂਸਲਰ ਰਜਿੰਦਰ ਸਿੰਘ ਜੀਤ ਆਦਿ ਸ਼ਾਮਿਲ ਹਨ |