ਖੰਨਾ, 11 ਅਪ੍ਰੈਲ (ਹਰਜਿੰਦਰ ਸਿੰਘ ਲਾਲ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਸੂਬੇ ਵਿੱਚ ਸਹਿਕਾਰੀ ਡੇਅਰੀ ਖੇਤਰ ਦੇ ਆਧੁਨਿਕੀਕਰਨ ਅਤੇ ਮਜ਼ਬੂਤੀ ਲਈ ਲਗਾਤਾਰ ਯਤਨਸ਼ੀਲ ਹੈ | ਇਸੇ ਕੜੀ ਤਹਿਤ ਵੇਰਕਾ ਕੈਟਲ ਫੀਡ ਪਲਾਂਟ ਖੰਨਾ ਨੂੰ ਤਕਨੀਕੀ ਪੱਧਰ 'ਤੇ ਹੋਰ ਵਿਕਸਤ ਕਰਨ ਲਈ ਆਧੁਨਿਕ ਮਸ਼ੀਨਰੀ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਇਹ ਦਾਅਵਾ ਇੱਥੇ ਸਕੱਤਰ (ਸਹਿਕਾਰਤਾ) ਅਜੀਤ ਬਾਲਾ ਜੋਸ਼ੀ ਨੇ ਮਿਲਕਫੈੱਡ ਦੇ ਪ੍ਰਬੰਧਕੀ ਨਿਰਦੇਸ਼ਕ ਰਾਹੁਲ ਗੁਪਤਾ ਅਤੇ ਹੋਰ ਅਧਿਕਾਰੀਆਂ ਨਾਲ ਵੇਰਕਾ ਕੈਟਲ ਫੀਡ ਪਲਾਂਟ ਖੰਨਾ ਦੇ ਦੌਰੇ ਦੌਰਾਨ ਕਹੀ | ਉਨ੍ਹਾਂ ਨੇ ਪਲਾਂਟ ਵਿੱਚ ਚੱਲ ਰਹੇ ਆਧੁਨਿਕੀਕਰਨ ਪ੍ਰੋਜੈਕਟ ਦੀ ਸਮੀਖਿਆ ਕਰਦੇ ਹੋਏ ਉਤਪਾਦਨ, ਭਰਾਈ ਅਤੇ ਪੈਕੇਜਿੰਗ ਪ੍ਰਣਾਲੀ ਦਾ ਜਾਇਜ਼ਾ ਲਿਆ | ਉਨ੍ਹਾਂ ਕਿਹਾ ਕਿ ਮੌਜੂਦਾ ਢਾਂਚਾ ਕਾਫ਼ੀ ਪੁਰਾਣਾ ਹੋ ਚੁੱਕਾ ਹੈ ਅਤੇ ਆਧੁਨਿਕ ਐਂਡ-ਟੂ-ਐਂਡ ਪ੍ਰੋਸੈਸਿੰਗ ਅਤੇ ਪੈਕੇਜਿੰਗ ਮਾਪਦੰਡਾਂ ਅਨੁਸਾਰ ਇਸ ਵਿੱਚ ਸੁਧਾਰ ਦੀ ਲੋੜ ਹੈ | ਇਸ ਲਈ ਕੈਟਲ ਫੀਡ ਦੀ ਉਤਪਾਦਨ ਸਮਰੱਥਾ ਵਧਾਉਣ ਅਤੇ ਗੁਣਵੱਤਾ ਵਿੱਚ ਸੁਧਾਰ ਲਈ ਨਵੀਂ ਤਕਨੀਕੀ ਮਸ਼ੀਨਰੀ ਲਗਾਈ ਜਾਵੇਗੀ | ਉਨ੍ਹਾਂ ਕਿਹਾ ਕਿ ਮਾਰਕੀਟ ਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਪਸ਼ੂ ਖ਼ੁਰਾਕ ਦੀ ਗੋਲੀ ਦਾ ਆਕਾਰ 6 ਐੱਮ. ਐੱਮ. ਦੀ ਬਜਾਏ 4 ਐੱਮ. ਐੱਮ. ਕਰਨ ਲਈ ਤੁਰੰਤ ਨਵੀਂ ਉਤਪਾਦਨ ਲਾਈਨ ਸਥਾਪਿਤ ਕੀਤੀ ਜਾਵੇਗੀ | ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਤਪਾਦਨ ਵਿੱਚ ਵਾਧਾ ਅਤੇ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਆਧੁਨਿਕ ਤਕਨਾਲੋਜੀ ਅਤੇ ਮਸ਼ੀਨਰੀ ਨੂੰ ਤੁਰੰਤ ਸਥਾਪਿਤ ਕੀਤਾ ਜਾਵੇ | ਸਕੱਤਰ ਸਹਿਕਾਰਤਾ ਨੇ ਭੱਟੀਆਂ ਖੰਨਾ ਵਿਖੇ ਸਾਇਲੇਜ ਪਲਾਂਟ ਸਥਾਪਿਤ ਕਰਨ 'ਤੇ ਵੀ ਜ਼ੋਰ ਦਿੱਤਾ ਤਾਂ ਜੋ ਕਿਸਾਨਾਂ ਨੂੰ ਘੱਟ ਲਾਗਤ 'ਤੇ ਉੱਚ ਗੁਣਵੱਤਾ ਵਾਲਾ ਸਾਇਲੇਜ ਉਪਲਬਧ ਕਰਵਾਇਆ ਜਾ ਸਕੇ | ਫਰੋਜ਼ਨ ਸੀਮਨ ਸਟੇਸ਼ਨ ਦੇ ਦੌਰੇ ਦੌਰਾਨ, ਆਰ. ਜੀ. ਐੱਮ. ਅਧੀਨ 12 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਸੀਮਨ ਸਟੇਸ਼ਨ ਦੇ ਨਿਰਮਾਣ ਕਾਰਜ ਦੀ ਪ੍ਰਗਤੀ ਦੀ ਸਮੀਖਿਆ ਕੀਤੀ | ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲਾ ਸੀਮਨ ਉਪਲੱਬਧ ਕਰਵਾਉਣ ਲਈ ਉੱਚ ਮਿਆਰੀ ਝੋਟਿਆਂ ਦੀ ਖ਼ਰੀਦ ਕੀਤੀ ਜਾਵੇ | ਪਲਾਂਟ ਦੇ ਜਰਨਲ ਮੈਨੇਜਰ ਡਾ. ਸੁਰਜੀਤ ਸਿੰਘ ਭਦੌੜ ਨੇ ਅਧਿਕਾਰੀਆਂ ਦਾ ਧੰਨਵਾਦ ਕਰਦਿਆ ਦੱਸਿਆ ਕਿ ਮਿਨਰਲ ਮਿਕਸਚਰ ਦੀ ਪੈਕਿੰਗ ਮੈਨੂਅਲ ਤਰੀਕੇ ਨਾਲ ਕਰਨ ਦੀ ਬਜਾਏ ਮਸ਼ੀਨਾਂ ਰਾਹੀਂ ਪੂਰੀ ਤਰ੍ਹਾਂ ਆਟੋਮੈਟਿਕ ਤਰੀਕੇ ਨਾਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਸਕੱਤਰ ਸਹਿਕਾਰਤਾ ਨੇ ਅਧਿਕਾਰੀਆਂ ਨੂੰ ਨਵੀਨੀਕਰਨ ਨਾਲ ਸਬੰਧਿਤ ਕੇਸ ਮੁੱਖ ਦਫ਼ਤਰ ਕੋਲ ਲੋੜੀਂਦੀ ਮਨਜ਼ੂਰੀ ਲਈ ਭੇਜਣ ਦੇ ਨਿਰਦੇਸ਼ ਦਿੱਤੇ, ਤਾਂ ਜੋ ਇਸ ਪ੍ਰਣਾਲੀ ਦੀ ਸਥਾਪਨਾ ਜਲਦੀ ਕੀਤੀ ਜਾ ਸਕੇ | ਇਸ ਮੌਕੇ ਵੇਰਕਾ ਕੈਟਲ ਫੀਡ ਪਲਾਂਟ ਖੰਨਾ ਦੇ ਜਨਰਲ ਮੈਨੇਜਰ ਨੇ ਕਿਹਾ ਕਿ ਸਕੱਤਰ ਸਹਿਕਾਰਤਾ ਵੱਲੋਂ ਦਿੱਤੇ ਗਏ ਦਿਸ਼ਾ- ਨਿਰਦੇਸ਼ਾਂ ਅਨੁਸਾਰ ਪਲਾਂਟ ਦੇ ਆਧੁਨਿਕੀਕਰਨ ਲਈ ਲੋੜੀਂਦੇ ਸਾਰੇ ਕਦਮ ਤੁਰੰਤ ਚੁੱਕੇ ਜਾਣਗੇ |