ਗਜ਼ਟ ਨੋਟੀਫ਼ਿਕੇਸ਼ਨ ਤੋਂ ਬਾਅਦ ਵਾਰਡਬੰਦੀ 'ਚ ਹੋਈਆਂ ਬੇਨਿਯਮੀਆਂ ਸੰਬੰਧੀ ਲੋਕਾਂ 'ਚ ਭਾਰੀ ਰੋਸ
ਅਜੀਤ ਡੈਸਕ
13-04-2026
ਅਹਿਮਦਗੜ੍ਹ, 12 ਅਪ੍ਰੈਲ (ਰਵਿੰਦਰ ਪੁਰੀ)-ਨਗਰ ਕੌਂਸਲ ਅਹਿਮਦਗੜ੍ਹ ਦੀ ਨਵੀ ਹੱਦਬੰਦੀ ਨੂੰ ਲੈ ਕੇ ਵੱਡੀਆਂ ਬੇਨਿਯਮੀਆਂ ਸਥਾਨਕ ਸਰਕਾਰ ਵਿਭਾਗ ਦੀ ਮਿਲੀਭੁਗਤ ਨਾਲ ਕੀਤੇ ਜਾਣ ਦੀ ਸ਼ਹਿਰ ਅੰਦਰ ਸ਼ੁਰੂ ਤੋਂ ਹੀ ਹੋ ਰਹੀ ਚਰਚਾ ਹੁਣ ਉਜਾਗਰ ਅਤੇ ਸਹੀ ਸਾਬਤ ਹੋ ਰਹੀ ਹੈ ਕਿਉਂਕਿ ਕਈ ਵਾਰਡਾਂ ਵਿਚ ਚੋਣ ਲੜਨ ਵਾਲੇ ਆਗੂਆਂ ਨੇ ਬਹੁਤ ਗੈਰ ਕਾਨੂੰਨੀ ਢੰਗ ਨਾਲ ਵਾਰਡਾਂ ਦੀਆਂ ਹੱਦਬੰਦੀਆਂ 31 ਦਸੰਬਰ 2025 ਦੇ ਹੋਏ ਗਜ਼ਟ ਨੋਟੀਫ਼ਿਕੇਸ਼ਨ ਤੋਂ ਬਾਅਦ ਵੀ ਹੇਰ ਫੇਰ ਨਾਲ ਕਰਵਾ ਲਈਆਂ ਸਨ ਜਿਨ੍ਹਾਂ ਦੀ ਇੱਥੇ ਆਮ ਚਰਚਾ ਸੀ | ਇਸੇ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਅਹਿਮਦਗੜ੍ਹ ਨਗਰ ਕੌਂਸਲ ਦਫ਼ਤਰ ਵਿਖੇ 18 ਦਸੰਬਰ 2025 ਨੂੰ ਜੋ ਨਵੀਂ ਵਾਰਡਬੰਦੀ ਸਬੰਧੀ ਨਕਸ਼ਾ ਅਤੇ ਹੱਦਾਂ ਸਬੰਧੀ ਲਿਖਤ ਅਧਿਸੂਚਨਾ ਆਈ ਸੀ ਉਸ ਤੋਂ ਬਾਅਦ ਲੋਕਾਂ ਵਲੋਂ ਇਤਰਾਜ਼ ਵੀ ਦਿੱਤੇ ਗਏ ਸਨ | ਜਿਨ੍ਹਾਂ ਸਬੰਧੀ 31 ਦਸੰਬਰ 2025 ਨੂੰ ਕੁੱਝ ਰੱਦੋ ਬਦਲ ਕਰਦਿਆਂ ਪੰਜਾਬ ਸਰਕਾਰ ਵਲੋਂ ਗਜ਼ਟ ਨੋਟੀਫ਼ਿਕੇਸ਼ਨ ਕਰ ਦਿੱਤਾ ਗਿਆ ਸੀ ਅਤੇ ਨਵੀਂ ਵਾਰਡਬੰਦੀ ਵੀ ਫਾਈਨਲ ਕਰ ਦਿੱਤੀ ਗਈ ਸੀ | ਜਿਸ ਤੋਂ ਬਾਅਦ ਸ਼ਹਿਰ ਅੰਦਰ ਇਹ ਵੀ ਆਮ ਚਰਚਾ ਸੀ ਕਿ ਕੁੱਝ ਲੋਕਾਂ ਨੇ ਨੋਟੀਫ਼ਿਕੇਸ਼ਨ ਤੋਂ ਬਾਅਦ ਚੰਡੀਗੜ੍ਹ ਸਥਾਨਕ ਸਰਕਾਰ ਵਿਭਾਗ ਦੇ ਦਫ਼ਤਰ 'ਚ ਬੈਠੇ ਕੁੱਝ ਕਰੱਪਟ ਮੁਲਾਜ਼ਮਾਂ ਨਾਲ ਮਿਲੀਭੁਗਤ ਕਰ ਕੇ ਨਕਸ਼ੇ ਵਿਚ ਹੱਦਾਂ ਬਦਲਵਾ ਲਈਆਂ ਹਨ | ਜਿਨ੍ਹਾਂ ਦਾ ਸੱਚ ਹੁਣ ਸਾਹਮਣੇ ਆ ਗਿਆ ਹੈ | ਜਦੋਂ ਅੱਜ ਐੱਸ. ਡੀ. ਐੱਮ. ਦਫ਼ਤਰ ਵਿਖੇ ਸ਼ਹਿਰ ਦੇ ਬੀਐਲਓ ਨੂੰ ਨਵਾਂ ਨਕਸ਼ਾ ਦਿੱਤਾ ਗਿਆ, ਜੋ ਗਜ਼ਟ ਨੋਟੀਫ਼ਿਕੇਸ਼ਨ ਨਾਲ ਮੇਲ ਹੀ ਨਹੀਂ ਖਾਂਦਾ | ਜਿਸ ਵਿਚ ਵਾਰਡ ਨੰਬਰ 12, 13, 14 ਤੇ 15 ਦੀਆਂ ਹੱਦਾਂ ਵਿਚ ਵੱਡਾ ਫੇਰ ਬਦਲ ਸਾਫ਼ ਦਿਖਾਈ ਦੇ ਰਿਹਾ ਹੈ ਅਤੇ ਪੁਰਾਣੇ ਨਕਸ਼ੇ ਤੇ ਬਾਅਦ ਵਿਚ ਲੱਗੀਆਂ ਲਕੀਰਾਂ ਵੀ ਸਾਫ਼ ਦਿਖਾਈ ਦੇ ਰਹੀਆਂ ਹਨ | ਇਸੇ ਸਬੰਧੀ ਸ਼ਹਿਰ ਦੇ ਲੋਕਾਂ ਨੇ ਸਥਾਨਕ ਸਰਕਾਰ ਵਿਭਾਗ ਪ੍ਰਤੀ ਭਾਰੀ ਰੋਸ ਪ੍ਰਗਟ ਕਰਦਿਆਂ ਮੰਗ ਕੀਤੀ ਹੈ ਕਿ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਗਜ਼ਟ ਨੋਟੀਫ਼ਿਕੇਸ਼ਨ ਤੋਂ ਬਾਅਦ ਜੋ ਨਕਸ਼ੇ 'ਚ ਹੇਰ ਫੇਰ ਹੋਈ ਹੈ, ਉਸ ਵਿਚ ਤੁਰੰਤ ਸੁਧਾਰ ਕੀਤਾ ਜਾਵੇ |