ਮਾਛੀਵਾੜਾ ਸਾਹਿਬ, 12 ਅਪ੍ਰੈਲ (ਰਾਜਦੀਪ ਸਿੰਘ ਅਲਬੇਲਾ)-ਖਰੀਦ ਏਜੰਸੀਆਂ ਦੀ ਸਾਂਝੀ ਤਾਲਮੇਲ ਕਮੇਟੀ ਵਲੋਂ ਪ੍ਰਮੁੱਖ ਸਕੱਤਰ ਖੁਰਾਕ ਸਿਵਲ ਸਪਲਾਈ ਦੇ ਖਪਤਕਾਰ ਮਾਮਲੇ ਵਿਭਾਗ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਮੰਡੀਆਂ ਵਿਚ ਵਿਕਣ ਆ ਰਹੀ ਕਣਕ ਦੀ ਫਸਲ ਖਰੀਦ ਦੇ ਮਾਪਦੰਡਾਂ ਵਿਚ ਰਿਆਇਤ ਦਿੱਤੀ ਜਾਵੇ | ਖਰੀਦ ਏਜੰਸੀਆਂ ਵਲੋਂ ਲਿਖੇ ਪੱਤਰ 'ਚ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਂਦਾ ਹੈ ਕਿ ਮੰਡੀਆਂ 'ਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਪਰ ਬੇਮੌਸਮੀ ਬਾਰਿਸ਼ ਕਾਰਨ ਤੇ ਤਾਪਮਾਨ 'ਚ ਆਈ ਅਚਨਚੇਤ ਤਬਦੀਲੀ ਕਾਰਨ ਕਣਕ ਦੇ ਦਾਣੇ ਵਿਚ ਪੂਰੀ ਗੁਣਵੱਤਾ ਨਹੀਂ ਹੈ | ਖਰੀਦ ਏਜੰਸੀਆਂ ਨੇ ਕਿਹਾ ਕਿ ਜਦੋਂ ਉਹ ਖਰੀਦ ਕਰਨ ਲਈ ਮੰਡੀਆਂ 'ਚ ਜਾਂਦੇ ਹਨ ਤਾਂ ਉਸ ਸਮੇਂ ਭਾਰੀ ਰਾਜਨੀਤਿਕ ਤੇ ਪ੍ਰਸ਼ਾਸਨਿਕ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਅਧੀਨ ਪਨਗ੍ਰੇਨ ਜ਼ਿਲਾ ਪਟਿਆਲਾ ਨਾਲ ਸਬੰਧਿਤ ਇੰਸਪੈਕਟਰ ਮੇਜਰ ਸਿੰਘ ਨੂੰ ਰਾਜਨੀਤਿਕ ਦਬਾਅ ਕਾਰਨ ਡਿਊਟੀ ਤੋਂ ਫਾਰਗ ਕਰ ਦਿੱਤਾ ਹੈ ਕਿਉਂਕਿ ਉਸ ਵਲੋਂ ਮੰਡੀ ਵਿਚ ਕਣਕ ਨਿਰਧਾਰਿਤ ਸਰਕਾਰੀ ਮਾਪਦੰਡਾਂ 'ਤੇ ਖ਼ਰੀ ਨਾ ਉਤਰਨ 'ਤੇ ਇਸ ਦੀ ਖਰੀਦ ਤੋਂ ਇੰਨਕਾਰ ਕਰ ਦਿੱਤਾ | ਖਰੀਦ ਏਜੰਸੀਆਂ ਦੀ ਤਾਲਮੇਲ ਕਮੇਟੀ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਸਰਕਾਰ ਕਣਕ ਖਰੀਦ ਦੇ ਮਾਪਦੰਡਾਂ 'ਚ ਛੋਟ ਨਹੀਂ ਦਿੰਦੀ ਉਦੋਂ ਤੱਕ ਮੰਡੀਆਂ ਵਿਚ ਫਸਲ ਖਰੀਦ ਨਹੀਂ ਕੀਤੀ ਜਾਵੇਗੀ | ਮੰਡੀ 'ਚ ਬੈਠੇ ਕਿਸਾਨ ਸੰਤੋਖ ਸਿੰਘ ਬੁਰਜ ਕੱਚਾ, ਸਾਹਿਬ ਸਿੰਘ ਸਹਿਜੋ ਮਾਜਰਾ, ਬਹਾਦਰ ਸਿੰਘ ਕਾਉਂਕੇ, ਬਲਦੇਵ ਸਿੰਘ ਸਮਸ਼ਪੁਰ ਬੇਟ ਆਦਿ ਨੇ ਕਿਹਾ ਕਿ ਉਹ ਪਿਛਲੇ 3-3 ਦਿਨਾਂ ਤੋਂ ਆਪਣੀ ਫਸਲ ਵੇਚਣ ਲਈ ਬੈਠੇ ਹਨ | ਪਰ 24 ਘੰਟਿਆਂ 'ਚ ਸਰਕਾਰ ਵਲੋਂ ਖਰੀਦ ਕਰਨ ਦੇ ਦਾਅਵੇ ਖੋਖਲੇ ਸਾਬਿਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਪਹਿਲਾਂ ਬੇਮੌਸਮੀ ਬਾਰਿਸ਼ ਤੇ ਹੋਰ ਕੁਦਰਤੀ ਆਫ਼ਤਾਂ ਤੋਂ ਆਪਣੀ ਫਸਲ ਨੂੰ ਤਿਆਰ ਕਰ ਮੰਡੀਆਂ 'ਚ ਵੇਚਣ ਆ ਰਹੇ ਹਨ, ਪਰ ਇੱਥੇ ਆ ਕੇ ਵੀ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ |