ਮਲੌਦ, 27 ਅਪ੍ਰੈਲ (ਦਿਲਬਾਗ ਸਿੰਘ ਚਾਪੜਾ)-ਨਗਰ ਪੰਚਾਇਤ ਮਲੌਦ ਅਧੀਨ ਆਉਂਦੇ 34 ਪਰਿਵਾਰਾਂ ਨੂੰ ਆਪਣਾ ਪੱਕਾ ਮਕਾਨ ਬਣਾਉਣ ਲਈ ਸਰਕਾਰ ਵਲੋਂ 2.50 ਲੱਖ ਰੁਪਏ ਦੀ ਗਰਾਂਟ ਦੇ ਸੈਕਸ਼ਨ ਲੈਟਰ ਨਗਰ ਪੰਚਾਇਤ ਮਲੌਦ ਦੀ ਪ੍ਰਧਾਨ ਸੋਨੀਆ ਗੋਇਲ ਦੇ ਗ੍ਰਹਿ ਵਿਖੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਲਾਭਪਾਤਰੀ ਪਰਿਵਾਰਾਂ ਨੂੰ ਵੰਡੇ ਗਏ | ਇਸ ਮੌਕੇ ਹਲਕਾ ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਪੱਖ ਤੋਂ ਹਰ ਵਰਗ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਗ਼ਰੀਬ ਅਤੇ ਮੱਧ ਵਰਗੀ ਪਰਿਵਾਰਾਂ ਦੇ ਪੱਕੇ ਮਕਾਨ ਦੇ ਸੁਪਨੇ ਅਤੇ ਬੁਨਿਆਦੀ ਸਹੂਲਤ ਨੂੰ ਪੂਰਾ ਕਰਨ ਲਈ ਹਰ ਪਿੰਡ ਸ਼ਹਿਰ ਕਰੋੜਾਂ ਰੁਪਏ ਜਾਰੀ ਕਰਕੇ ਮਕਾਨ ਬਣਵਾ ਰਹੀ ਹੈ | ਉਨ੍ਹਾਂ ਦੱਸਿਆ ਕਿ ਇਹ ਕੰਮ ਨਿਰੰਤਰ ਪੜਾਅਵਾਰ ਚੱਲ ਰਿਹਾ ਹੈ ਜਿਸ ਤਹਿਤ ਅੱਜ ਫਿਰ 34 ਪਰਿਵਾਰਾਂ ਨੂੰ ਆਪਣੇ ਪੱਕੇ ਘਰ ਦੇ ਸੁਪਨੇ ਨੂੰ ਪੂਰਾ ਕਰਨ ਦੇ ਪੱਤਰ ਦਿੱਤੇ ਗਏ ਹਨ ਅਤੇ ਉਸਾਰੀ ਦੇ ਅਨੁਸਾਰ ਨਗਰ ਪੰਚਾਇਤ ਵੱਲੋਂ ਸਮੇਂ ਸਮੇਂ ਤੇ ਕੁੱਲ 2.50 ਲੱਖ ਰੁਪਏ ਹਰ ਪਰਿਵਾਰ ਦੇ ਸਿੱਧੇ ਖਾਤੇ ਵਿੱਚ ਪਾਏ ਜਾਣਗੇ ਅਤੇ ਅਗਲੇ ਪੜਾਅ ਵਿੱਚ ਹੋਰ ਵੀ ਲਾਭਪਾਤਰੀ ਜੋੜੇ ਜਾਣਗੇ | ਉਨ੍ਹਾਂ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਅਤੇ ਕੌਂਸਲਰਾਂ ਦੀ ਸ਼ਲਾਘਾ ਕੀਤੀ ਜੋ ਇਸ ਸਕੀਮ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ | ਪ੍ਰਧਾਨ ਸੋਨੀਆ ਗੋਇਲ ਨੇ ਦੱਸਿਆ ਕਿ ਇਸ ਸਕੀਮ ਨੂੰ ਲੋਕਾਂ ਤੱਕ ਬਿਨ੍ਹਾਂ ਕਿਸੇ ਭੇਦਭਾਵ ਤੋਂ ਪਹੁੰਚਾਇਆ ਜਾ ਰਿਹਾ ਹੈ | ਇਸ ਮੌਕੇ ਸਰਪੰਚ ਪਲਵਿੰਦਰ ਸਿੰਘ ਸੇਖਾ, ਸੋਮਨਾਥ ਸੋਮਲ ਖੇੜੀ, ਕੌਂਸਲਰ ਪਰਮਜੀਤ ਕੌਰ, ਸਰਪੰਚ ਦਲਵਿੰਦਰ ਸਿੰਘ ਝਾਬੇਵਾਲ, ਜੂਨੀਅਰ ਸਹਾਇਕ ਗੁਰਜੀਤ ਸਿੰਘ ਰੋੜੀਆ, ਕਲਰਕ ਰਾਕੇਸ਼ ਕੁਮਾਰ, ਸੋਨੂੰ ਗਰੇਵਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲਾਭਪਾਤਰੀ ਹਾਜ਼ਰ ਸਨ |