ਮਲੌਦ, 28 ਅਪ੍ਰੈਲ (ਸਹਾਰਨ ਮਾਜਰਾ)-ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਪੰਜਾਬੀਆਂ ਨੂੰ ਇਸ ਗੱਲ ਦਾ ਜੁਆਬ ਦੇਣ ਕਿ ਆਪ ਨੂੰ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ 7 ਰਾਜ ਸਭਾ ਮੈਂਬਰਾਂ ਵਿਚੋਂ ਆਮ ਆਦਮੀ ਕੋਣ ਸੀ | ਉਦੋਂ ਤਾਂ ਬਸਤੇ ਫ਼ੜ੍ਹਨ ਵਾਲੇ ਵਰਕਰਾਂ ਨੂੰ ਅਣਗੌਲਿਆ ਕਰਕੇ ਧਨਾਢਾਂ ਨੂੰ ਚੌਧਰਾਂ ਦਿੱਤੀਆਂ ਗਈਆਂ | ਹੁਣ ਜਦੋਂ ਉਹ ਪੰਜਾਬ ਨਾਲ ਦਗ਼ਾ ਕਰਕੇ ਝਾੜੂ ਵਾਲਿਆਂ ਨੂੰ ਸ਼ੀਸ਼ਾ ਵਿਖਾ ਗਏ ਹੁਣ ਇਹ ਦੋਵੇਂ ਆਗੂ ਆਪਣੇ ਆਪ ਨੂੰ ਧਰਵਾਸੇ ਦੇਣ ਲਈ ਬੇਤੁਕੀਆਂ ਬਿਆਨਬਾਜ਼ੀਆਂ ਕਰ ਰਹੇ ਹਨ | ਇਹ ਸਵਾਲ ਵਿਧਾਨ ਸਭਾ ਹਲਕਾ ਪਾਇਲ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਚੁੱਕੇ ਬੇਬਾਕ ਨੇਤਾ ਜਗਜੀਵਨ ਪਾਲ ਸਿੰਘ ਗਿੱਲ ਨੇ ਕਸਬਾ ਮਲੌਦ ਵਿਖੇ ਗੱਲਬਾਤ ਕਰਦਿਆਂ ਕੀਤਾ | ਉਹ ਇੱਥੇ ਕੁੱਝ ਪਰਿਵਾਰਾਂ ਨਾਲ ਅਫ਼ਸੋਸ ਪ੍ਰਗਟ ਕਰਨ ਲਈ ਪੁੱਜੇ ਸਨ | ਉਨ੍ਹਾਂ ਕਿਹਾ ਕਿ ਆਪ ਦੇ 7 ਰਾਜ ਸਭਾ ਮੈਂਬਰਾਂ ਦਾ ਪਾਰਟੀ ਛੱਡ ਕੇ ਭਾਜਪਾ ਦੀ ਝੋਲੀ ਪੈ ਜਾਣਾ ਪੰਜਾਬ ਨਾਲ ਅਜਿਹਾ ਵੱਡਾ ਧੋਖਾ ਹੈ, ਜਿਸ ਨੂੰ ਰਾਜਨੀਤਿਕ ਇਤਿਹਾਸ ਵਿਚ ਵੱਡਾ ਕਲੰਕ ਮੰਨਿਆ ਜਾਵੇਗਾ | ਉਨ੍ਹਾਂ ਪੁੱਛਿਆ ਕਿ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੱਸਣ ਕਿ ਇਹ ਉਦਯੋਗਿਕ ਘਰਾਣਿਆਂ ਦੇ 7 ਵੱਡੇ ਆਦਮੀਆਂ ਵਲੋਂ ਕਦੋਂ, ਕਿਹੜੇ ਮਸਲੇ ਬਾਰੇ ਪੰਜਾਬ ਦੇ ਹੱਕਾਂ ਬਾਰੇ ਆਪਣੀਆਂ ਜੁਬਾਨਾਂ ਖੋਲ੍ਹੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਆਪ ਆਗੂ ਦੱਸਣ ਕਿ ਹਰਭਜਨ ਸਿੰਘ, ਗੁਪਤਾ, ਮਿੱਤਲ ਸਮੇਤ ਸਾਰੇ 7 ਆਗੂਆਂ ਦਾ ਰਾਜਨੀਤਕ ਪਿਛੋਕੜ ਕੀ ਹੈ | ਜਿਨ੍ਹਾਂ ਨੂੰ ਏਡਾ ਮਾਣ ਸਨਮਾਨ ਦਿੱਤੇ ਗਏ ਸਨ | ਉਨ੍ਹਾਂ ਪੰਜਾਬ ਦੀ ਸਰਜ਼ਮੀਨ ਨਾਲ ਵੱਡਾ ਧੋਖਾ ਕਰਕੇ ਮੁੱਖ ਮੰਤਰੀ ਅਤੇ ਅਰਵਿੰਦ ਕੇਜਰੀਵਾਲ ਨੂੰ ਸਿਆਸੀ ਅੰਗੂਠਾ ਦਿਖਾ ਕੇ ਮੋਦੀ ਦੀ ਗੱਡੀ ਵਿੱਚ ਸਵਾਰ ਹੋ ਗਏ ਹਨ | ਗਿੱਲ ਨੇ ਦੋਸ਼ ਲਗਾਇਆ ਕਿ ਪੰਜਾਬੀਆਂ ਦਾ ਹਿਰਦਾ ਵਲੂੰਧਰਿਆ ਗਿਆ ਹੈ ਕਿ ਪੰਜਾਬ ਦੀ ਧਰਤੀ ਤੋਂ ਵੱਡੇ ਅਹੁਦੇ ਲੈ ਕੇ ਪੰਜਾਬ ਪ੍ਰਤੀ ਕਥਿਤ ਤੌਰ ਤੇ ਸਾਜ਼ਿਸ਼ ਕਰਨ ਵਾਲਿਆਂ ਨਾਲ ਹੱਥ ਮਿਲਾਇਆ |