ਡੇਹਲੋਂ, 5 ਮਈ (ਅੰਮਿ੍ਤਪਾਲ ਸਿੰਘ ਕੈਲੇ)-ਸਹੋਦਯਾ ਸਕੂਲਜ਼ ਕੰਪਲੈਕਸ ਸੈਂਟਰਲ ਜ਼ੋਨ ਦੀ ਮੀਟਿੰਗ ਦੌਰਾਨ ਨਵੀਂ ਕਾਰਜਕਾਰੀ ਟੀਮ ਦਾ ਗਠਨ ਕੀਤਾ ਗਿਆ, ਜਿਸ ਵਿੱਚ ਵਿਕਟੋਰੀਆ ਪਬਲਿਕ ਸਕੂਲ, ਲਹਿਰਾ ਦੇ ਪਿ੍ੰਸੀਪਲ ਬਿਪਨ ਸੇਠੀ ਨੂੰ ਜੁਆਇੰਟ ਸਕੱਤਰ ਨਿਯੁਕਤ ਕੀਤਾ ਗਿਆ | ਇਸ ਮੀਟਿੰਗ ਦੌਰਾਨ ਕਰੀਬ 36 ਪ੍ਰਮੁੱਖ ਸਕੂਲਾਂ ਦੇ ਪਿ੍ੰਸੀਪਲਾਂ ਅਤੇ ਪ੍ਰਤੀਨਿਧੀਆਂ ਨੇ ਭਾਗ ਲਿਆ | ਮੀਟਿੰਗ ਦਾ ਕੇਂਦਰੀ ਉਦੇਸ਼ ਸਹੋਦਯਾ ਸਕੂਲਜ਼ ਕੰਪਲੈਕਸ ਦੀ ਕਾਰਗੁਜ਼ਾਰੀ ਨੂੰ ਹੋਰ ਮਜ਼ਬੂਤ ਕਰਨਾ ਅਤੇ ਸਕੂਲਾਂ ਵਿਚਕਾਰ ਸਹਿਯੋਗ ਵਧਾਉਣਾ ਸੀ | ਕਾਰਜਕਾਰੀ ਟੀਮ ਵਿੱਚ ਕਮਲਵੀਰ ਕੌਰ ਨੂੰ ਡਾਇਰੈਕਟਰ, ਰਿਤੂ ਨੂੰ ਸਕੱਤਰ ਅਤੇ ਬਿਪਨ ਸੇਠੀ ਨੂੰ ਜੁਆਇੰਟ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ | ਵਿਕਟੋਰੀਆ ਪਬਲਿਕ ਸਕੂਲ ਸੰਸਥਾ ਦੇ ਚੇਅਰਮੈਨ ਡਾ. ਐਸ. ਪੀ. ਸਿੰਘ ਸੋਫ਼ਤ ਨੇ ਕਿਹਾ ਕਿ ਪਿ੍ੰਸੀਪਲ ਬਿਪਨ ਸੇਠੀ ਦੀ ਨਿਯੁਕਤੀ ਗੌਰਵ ਦਾ ਵਿਸ਼ਾ ਹੈ | ਉਨ੍ਹਾਂ ਦੀ ਦੂਰ-ਦਰਸ਼ੀ ਸੋਚ ਅਤੇ ਲੀਡਰਸ਼ਿਪ ਗੁਣ ਸਹੋਦਯਾ ਨੂੰ ਨਵੀਂ ਦਿਸ਼ਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ | ਇਸ ਸਮੇਂ ਸੰਸਥਾ ਦੇ ਪ੍ਰਧਾਨ ਐਡਵੋਕੇਟ ਸੰਜੇ ਢੰਡ ਅਤੇ ਡਾਇਰੈਕਟਰ ਸਪਨਾ ਢੰਡ ਨੇ ਕਿਹਾ ਕਿ ਪਿ੍ੰਸੀਪਲ ਬਿਪਨ ਸੇਠੀ ਦੀ ਇਹ ਉਪਲਬਧੀ ਉਨ੍ਹਾਂ ਦੀ ਲਗਾਤਾਰ ਮਿਹਨਤ ਅਤੇ ਸਮਰਪਣ ਦਾ ਨਤੀਜਾ ਹੈ | ਇਸ ਸਮੇਂ ਪਿ੍ੰਸੀਪਲ ਬਿਪਨ ਸੇਠੀ ਨੇ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਨਿਸ਼ਠਾ, ਇਮਾਨਦਾਰੀ ਅਤੇ ਸਾਂਝੇ ਯਤਨਾਂ ਨਾਲ ਨਿਭਾਉਣਗੇ ਅਤੇ ਮੇਰਾ ਮੁੱਖ ਉਦੇਸ਼ ਸੈਂਟਰਲ ਜ਼ੋਨ ਦੇ ਸਕੂਲਾਂ ਵਿਚਕਾਰ ਮਜ਼ਬੂਤ ਸਹਿਯੋਗ ਸਥਾਪਿਤ ਕਰਨਾ ਅਤੇ ਸਿੱਖਿਆ ਦੇ ਮਿਆਰ ਨੂੰ ਹੋਰ ਉੱਚਾ ਚੁੱਕਣਾ ਹੋਵੇਗਾ |