ਖੰਨਾ, 8 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਦੇ ਐੱਸ. ਐੱਸ. ਪੀ ਡਾ. ਦਰਪਣ ਆਹਲੂਵਾਲੀਆ ਦੀ ਰਹਿਨੁਮਾਈ ਹੇਠ ਗੈਗਸਟਰਾਂ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ | ਇਸ ਮੁਹਿੰਮ ਅਧੀਨ ਐੱਸ. ਪੀ. ਪਵਨਜੀਤ ਦੇ ਦੇਖ-ਰੇਖ ਹੇਠ ਡੀ. ਐੱਸ. ਪੀ ਮੋਹਿਤ ਕੁਮਾਰ ਸਿੰਗਲਾ, ਡੀ. ਐੱਸ. ਪੀ ਵਿਨੋਦ ਕੁਮਾਰ, ਇੰਸਪੈਕਟਰ ਜਸ਼ਨਪ੍ਰੀਤ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼, ਇੰਸਪੈਕਟਰ ਸੁਖਵਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਿਟੀ ਖੰਨਾ, ਇੰਸਪੈਕਟਰ ਸੰਦੀਪ ਕੁਮਾਰ, ਮੁੱਖ ਅਫ਼ਸਰ, ਥਾਣਾ ਸਦਰ, ਖੰਨਾ, ਇੰਸਪੈਕਟਰ ਅਜੀਤੇਸ਼ ਕੌਸ਼ਲ, ਮੁੱਖ ਅਫ਼ਸਰ, ਥਾਣਾ ਸਿਟੀ-2 ਖੰਨਾ, ਸਬ ਇੰਸਪੈਕਟਰ ਸੁਖਦੀਪ ਸਿੰਘ ਅਤੇ ਇੰਚਾਰਜ ਨਾਰਕੋਟਿਕ ਸੈੱਲ, ਖੰਨਾ, ਸਬ ਇੰਸਪੈਕਟਰ ਸਿਮਰਨਜੀਤ ਸਿੰਘ, ਇੰਚਾਰਜ ਟੈਕਨੀਕਲ ਸੈੱਲ ਆਦਿ ਦੀ ਅਗਵਾਈ ਵਿਚ ਬਣਾਈਆਂ ਵੱਖ-ਵੱਖ ਟੀਮਾਂ ਵਲੋਂ ਗੰਭੀਰਤਾ ਨਾਲ ਤਕਨੀਕੀ ਅਤੇ ਵਿਗਿਆਨਕ ਤਰੀਕਿਆਂ ਨਾਲ ਕੀਤੀ ਪੜਤਾਲ ਬਾਅਦ ਖੰਨਾ ਦੇ ਪੇ੍ਰਮ ਢਾਬੇ ਦੇ ਫਾਇਰਿੰਗ ਕਰਨ ਵਾਲੇ ਗਰੋਹ ਦੇ ਮੈਂਬਰ ਕਾਬੂ ਕਰ ਲਏ | ਗੌਰਤਲਬ ਹੈ ਕਿ 1 ਮਈ 2026 ਨੂੰ ਸਵੇਰੇ 6.45 ਢਾਬਾ ਮਾਲਕ ਨਰੇਸ਼ ਪਾਠਕ ਦੇ ਪ੍ਰੇਮ ਢਾਬੇ ਤੇ ਦੋ ਅਣਪਛਾਤੇ ਵਿਅਕਤੀਆਂ ਵਲੋਂ ਗੋਲੀਆਂ ਚਲਾਈਆਂ ਗਈਆਂ ਸਨ | ਜਿਸ 'ਤੇ ਖੰਨਾ ਪੁਲਿਸ ਵਲੋਂ ਤੁਰੰਤ ਕਰਵਾਈ ਕਰਦਿਆਂ ਮਾਮਲਾ ਥਾਣਾ ਸਿਟੀ ਖੰਨਾ ਵਿਚ ਦਰਜ ਕੀਤਾ ਗਿਆ ਸੀ | ਪੁਲਿਸ ਨੇ ਸੀ. ਸੀ. ਟੀ. ਵੀ. ਕੈਮਰਿਆਂ ਰਾਹੀਂ ਕਰੀਬ 150 ਕਿੱਲੋਮੀਟਰ ਤੱਕ ਗਹਿਰੀ ਪੜਤਾਲ ਤੋਂ ਬਾਅਦ ਵਿਚ ਸਾਹਿਬਜੋਤ ਸਿੰਘ ਥਾਣਾ ਸਦਰ ਅਹਿਮਦਗੜ੍ਹ ਅਤੇ ਮੁਨੀਸ਼ ਸਰਮਾ ਸ਼ਿਮਲਾਪੁਰੀ, ਡਾਬਾ ਲੁਧਿਆਣਾ ਨੂੰ ਮੋਹਾਲੀ ਤੋਂ ਕਾਬੂ ਗਿ੍ਫ਼ਤਾਰ ਕਰ ਲਿਆ | ਇਨ੍ਹਾਂ ਦੋਵਾਂ ਦੋਸ਼ੀਆਂ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਪਰਵਿੰਦਰ ਸਿੰਘ ਉਰਫ਼ ਲਾਡੀ ਪੁੱਤਰ ਬਿੰਦਰ ਸਿੰਘ ਵਾਸੀ ਪਿੰਡ ਚੜੀ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਹਾਲ ਵਾਸੀ ਖੰਨਾ, ਅਮਨਦੀਪ ਸਿੰਘ ਉਰਫ਼ ਅਮਨੀ ਵਾਸੀ ਖੰਨਾ ਅਤੇ ਵਿਵੇਕ ਸਿੰਘ ਉਰਫ਼ ਵਿੱਕੀ ਵਾਸੀ ਰਹੋਣ ਨੇ ਇਨ੍ਹਾਂ ਸੂਟਰਾਂ ਨੂੰ ਪਿਸਤੌਲ, ਚੋਰੀ ਦਾ ਮੋਟਰਸਾਈਕਲ ਅਤੇ ਰਹਿਣ ਲਈ ਜਗ੍ਹਾ ਦਾ ਇੰਤਜ਼ਾਮ ਕਰ ਕੇ ਦਿੱਤਾ ਸੀ ਜਦੋਂ ਕਿ ਮੁਹੰਮਦ ਅਖ਼ਤਰ ਵਾਸੀ ਪਿੰਡ ਰਾਹੋਣ ਨੇ ਪ੍ਰੇਮ ਢਾਬੇ ਦੀ ਰੇਕੀ ਕਰਨ 'ਚ ਮਦਦ ਕੀਤੀ ਸੀ | ਜਿਸ ਤੋਂ ਬਾਅਦ ਇਨ੍ਹਾਂ 'ਚੋਂ ਦੋਸ਼ੀ ਅਮਨਦੀਪ ਸਿੰਘ ਉਰਫ਼ ਅਮਨੀ, ਵਿਵੇਕ ਸਿੰਘ ਉਰਫ਼ ਵਿੱਕੀ ਅਤੇ ਮੁਹੰਮਦ ਅਖ਼ਤਰ ਨੂੰ ਗਿ੍ਫ਼ਤਾਰ ਕੀਤਾ ਗਿਆ | ਦੋਸ਼ੀ ਪਰਵਿੰਦਰ ਸਿੰਘ ਉਰਫ਼ ਲਾਡੀ ਪਿੰਡ ਚੜੀ, ਤਹਿਸੀਲ ਖਮਾਣੋਂ ਦੀ ਭਾਲ ਜਾਰੀ ਹੈ | ਦੋਸ਼ੀ ਮੁਨੀਸ਼ ਸਰਮਾ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਵਾਰਦਾਤ ਸਮੇਂ ਵਰਤਿਆ ਗਿਆ ਹਥਿਆਰ ਪਿੰਡ ਈਸੜੂ ਕੋਲ ਇੱਕ ਪੈਟਰੋਲ ਪੰਪ ਪਾਸ ਇੱਕ ਮੋਟਰ ਦੀ ਛੱਤ ਉੱਪਰ ਲੁਕਾ-ਛੁਪਾ ਰਖਿਆ ਹੋਇਆ ਹੈ | ਜਦੋਂ ਐੱਸ. ਐੱਚ. ਓ. ਸਿਟੀ ਖੰਨਾ ਪੁਲਿਸ ਪਾਰਟੀ ਨਾਲ ਦੋਸ਼ੀ ਮੁਨੀਸ਼ ਸਰਮਾ ਨੂੰ ਲੈ ਕੇ ਹਥਿਆਰ ਬਰਾਮਦ ਕਰਵਾਉਣ ਲਈ ਮੋਟਰ ਦੀ ਛੱਤ ਤੇ ਪਹੁੰਚੀ ਤਾਂ, ਮੁਨੀਸ਼ ਸ਼ਰਮਾ ਨੇ ਸਥਿਤੀ ਦਾ ਫ਼ਾਇਦਾ ਉਠਾਉਂਦੇ ਹੋਏ ਮੋਟਰ ਦੀ ਛੱਤ ਤੋਂ ਛਾਲ ਮਾਰ ਦਿੱਤੀ, ਜਿਸ ਕਰ ਕੇ ਉਸ ਦੇ ਵੀ ਸੱਟਾਂ ਲੱਗੀਆਂ, ਪਰ ਪੁਲਿਸ ਪਾਰਟੀ ਨੇ ਮੌਕੇ 'ਤੇ ਹੀ ਕਾਬੂ ਕਰ ਲਿਆ | ਪੁੱਛਗਿੱਛ ਕਰਨ ਇਹ ਗੱਲ ਸਾਹਮਣੇ ਆਈ ਕਿ ਸ਼ਗਨਪ੍ਰੀਤ ਸਿੰਘ ਉਰਫ਼ ਸ਼ਗਨ ਹਾਲ ਵਾਸੀ ਆਸਟ੍ਰੇਲੀਆ ਡੋਨੀ ਬੱਲ ਦੇ ਲਿੰਕ ਵਿਚ ਸੀ ਅਤੇ ਸ਼ਗਨਪ੍ਰੀਤ ਸਿੰਘ ਉਰਫ਼ ਸ਼ਗਨ ਨੇ ਡੋਨੀ ਬੱਲ ਨਾਲ ਰਲ ਕੇ ਫਿਰੌਤੀ ਦੀ ਮੰਗ ਕੀਤੀ ਸੀ ਅਤੇ ਇਨ੍ਹਾਂ ਵਲੋਂ ਪਹਿਲਾਂ ਵੀ ਹੋਰ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ | ਦੋਸ਼ੀਆਂ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਜਾਰੀ ਹੈ, ਹੋਰ ਅਹਿਮ ਖ਼ੁਲਾਸੇ ਹੋਣ ਦੀ ਉਮੀਦ ਹੈ |