ਮਲੌਦ, 8 ਮਈ (ਦਿਲਬਾਗ ਸਿੰਘ ਚਾਪੜਾ)-ਬਹੁ ਚਰਚਿਤ ਨਾਇਬ ਤਹਿਸੀਲਦਾਰ ਮਲੌਦ ਰਘਵੀਰ ਸਿੰਘ ਨੂੰ ਅੱਜ ਵਧੀਕ ਮੁੱਖ ਸਕੱਤਰ ਪੰਜਾਬ ਸਰਕਾਰ ਅਨੁਰਾਗ ਵਰਮਾ ਦੇ ਹੁਕਮਾਂ ਅਨੁਸਾਰ ਮੁਅੱਤਲ ਕਰ ਕੇ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ ਦੇ ਦਫ਼ਤਰ ਹਾਜ਼ਰ ਹੋਣ ਦੀ ਤਾਕੀਦ ਕੀਤੀ ਗਈ | ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਈਜੀ ਰਜਿਸਟਰੀ ਸਕੀਮ ਦਾ ਨਾਇਬ ਤਹਿਸੀਲਦਾਰ ਵਲੋਂ ਚੋਖਾ ਲਾਹਾ ਪ੍ਰਾਪਤ ਕੀਤਾ ਗਿਆ | ਜਿਸ ਕਾਰਨ ਸਬ-ਤਹਿਸੀਲ ਮਲੌਦ ਵਿਚ ਲੁਧਿਆਣਾ ਅਤੇ ਆਸ-ਪਾਸ ਦੀਆ ਵੱਡੀ ਗਿਣਤੀ 'ਚ ਰਜਿਸਟਰੀਆਂ ਅਧੂਰੇ ਕਾਗ਼ਜ਼ਾਂ ਰਾਹੀਂ ਹੁੰਦੀਆਂ ਰਹੀਆਂ | ਸਥਾਨਕ ਲੋਕਾਂ ਨੂੰ ਲੰਮੀਆਂ ਉਡੀਕਾਂ ਅਤੇ ਖੱਜਲ-ਖੁਆਰੀ ਤੋਂ ਬਾਅਦ ਕੰਮ ਕਰਵਾਉਣ ਦਾ ਸਮਾਂ ਮਿਲਦਾ ਸੀ | ਸਬ-ਤਹਿਸੀਲ ਦਾ ਪੂਰਾ ਸਟਾਫ਼ ਦੁਖੀ ਅਤੇ ਮਜਬੂਰ ਸੀ, ਪਰ ਨਾਇਬ ਸਾਹਿਬ ਦੀ ਤੂਤੀ ਬੋਲਦੀ ਰਹੀ 'ਰੋਜ਼ਾਨਾ ਅਜੀਤ' ਵਿਚ ਲੱਗੀਆਂ ਖ਼ਬਰਾਂ ਕਾਰਨ ਇਕ ਵਾਰ ਪਹਿਲਾਂ ਵੀ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਖ਼ਤੀ ਕਰ ਕੇ ਉਕਤ ਨਾਇਬ-ਤਹਿਸੀਲਦਾਰ ਦੀ ਆਈ.ਡੀ ਬੰਦ ਕਰ ਦਿੱਤੀ ਸੀ ਅਤੇ ਉਸ ਸਮੇਂ ਐੱਸ. ਡੀ. ਐੱਮ. ਪਾਇਲ ਪ੍ਰਦੀਪ ਸਿੰਘ ਬੈਂਸ ਦੀ ਟੀਮ ਨੇ ਅਧੂਰੇ ਕਾਗ਼ਜ਼ਾਂ ਦੀ ਰਿਪੋਰਟ ਤਿਆਰ ਕਰ ਕੇ ਉਚ ਅਫ਼ਸਰਾਂ ਨੂੰ ਭੇਜ ਦਿੱਤੀ ਸੀ | ਉਸ ਸਮੇਂ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਉਕਤ ਨਾਇਬ ਤਹਿਸੀਲਦਾਰ ਨੂੰ ਤਹਿਸੀਲ 'ਚ ਨਾ ਵੜਨ ਦੇਣ ਦੇ ਸਖ਼ਤ ਬਿਆਨ ਦਿੱਤੇ ਸਨ | ਪਰ ਹੈਰਾਨੀ ਉਸ ਸਮੇਂ ਹੋਈ ਜਦੋਂ ਜਾਂਚ ਕਰਨ ਵਾਲੇ ਬੇਹੱਦ ਸ਼ਰੀਫ਼ ਅਤੇ ਤਜਰਬੇਕਾਰ ਐੈੱਸ. ਡੀ. ਐੱਮ. ਪ੍ਰਦੀਪ ਸਿੰਘ ਬੈਂਸ ਦੀ ਹੀ ਵਿਧਾਇਕ ਸਾਹਿਬ ਨੇ ਬਦਲੀ ਕਰਵਾ ਦਿੱਤੀ | ਪਰ ਜਿਸ ਨਾਇਬ ਦੇ ਗਲਤ ਕੰਮਾਂ ਕਾਰਨ ਬੰਦ ਹੋਈ ਆਈ.ਡੀ ਨੂੰ ਦੁਬਾਰਾ ਚਾਲੂ ਕਰ ਕੇ ਮਲੌਦ ਸਬ ਤਹਿਸੀਲ ਦਾ ਕੰਮ ਸੌਂਪ ਦਿੱਤਾ | ਹੁਣ ਫਿਰ ਦੁਬਾਰਾ ਉਹੀ ਲੁਧਿਆਣੇ ਵਾਲੀਆਂ ਰਜਿਸਟਰੀਆਂ ਦਾ 5 ਮਈ ਨੂੰ ਰੱਫੜ ਪਿਆ | ਇਕ ਲੁਧਿਆਣਾ ਦੇ ਵਸੀਕਾ ਨਵੀਸ ਜੋ ਵਕੀਲ ਹੈ ਉਸ ਨੇ ਸਬ-ਤਹਿਸੀਲ ਮਲੌਦ ਮੌਕੇ 'ਤੇ ਆ ਕੇ ਵੇਖਿਆ ਕਿ ਨਾਇਬ ਸਾਹਿਬ ਤਾਂ ਇੱਥੇ ਮੌਜੂਦ ਹੀ ਨਹੀਂ ਰੀਡਰ ਵੀ ਕਿਸੇ ਅਦਾਲਤ ਵਿਚ ਸੀ | ਪਰ ਈਜੀ ਰਜਿਸਟਰੀ ਦਾ ਡਾਟਾ ਲੋਡ ਹੋ ਰਿਹਾ ਸੀ | ਉਸੇ ਸਮੇਂ ਵਾਰਿਸ ਪੰਜਾਬ ਜਥੇਬੰਦੀ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਵੀ ਆਪਣੀ ਟੀਮ ਸਮੇਤ ਮਲੌਦ ਸਬ-ਤਹਿਸੀਲ ਵਿਚ ਕਿ ਵੇਖਿਆ ਤਾਂ ਤੁਰੰਤ ਸਾਰਾ ਮਸਲਾ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਦੱਸਿਆ | ਲੁਧਿਆਣਾ ਤੋਂ ਇਕ ਅਖ਼ਬਾਰ ਵਿਚ ਖ਼ਬਰ ਵੀ ਨਸਰ ਹੋਈ ਕਿ ਨਾਇਬ ਤਹਿਸੀਲਦਾਰ ਮਲੌਦ ਲੁਧਿਆਣਾ ਦੇ ਇਕ ਹੋਟਲ ਵਿਚ ਬੈਠ ਕੇ ਰਜਿਸਟਰੀਆਂ ਕਰਦੇ ਫੜੇ ਗਏ | ਉਸੇ ਸਮੇਂ ਡਿਪਟੀ ਕਮਿਸ਼ਨਰ ਵਲੋਂ ਉਕਤ ਨਾਇਬ ਤਹਿਸੀਲਦਾਰ ਦੀ ਆਈ. ਡੀ. ਦੁਬਾਰਾ ਬੰਦ ਕਰ ਦਿੱਤੀ ਗਈ | ਪਰ ਅੱਜ ਜਦੋਂ ਨਾਇਬ ਤਹਿਸੀਲਦਾਰ ਦੀ ਮੁਅੱਤਲੀ ਦੇ ਹੁਕਮ ਆਏ ਤਾਂ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਨੇ ਕਿਹਾ ਕਿ ਮਲੌਦ ਵਿਚ ਹੀ ਅਜਿਹੇ ਭਿ੍ਸ਼ਟ ਅਫ਼ਸਰ ਕਿਸ ਦੀ ਸ਼ਹਿ ਉੱਪਰ ਲੱਗਦੇ ਹਨ |