ਸਾਹਨੇਵਾਲ, 8 ਮਈ (ਹਨੀ ਚਾਠਲੀ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਧਾਨ ਸਭਾ ਹਲਕਾ ਸਾਹਨੇਵਾਲ ਵਿਚ 'ਸਮਾਜਿਕ-ਆਰਥਿਕ ਅਤੇ ਡਰੱਗ ਸੈਂਸਸ 2026' ਦੀ ਰਸਮੀ ਸ਼ੁਰੂਆਤ ਕੀਤੀ ਗਈ | ਇਸ ਮੁਹਿੰਮ ਦਾ ਆਗਾਜ਼ ਐੈੱਸ. ਡੀ. ਐੈੱਮ. ਲੁਧਿਆਣਾ (ਪੂਰਬੀ) ਜਸਲੀਨ ਕੌਰ ਭੁੱਲਰ ਵਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰ ਕੇ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਹਰਜੀਤ ਸਿੰਘ (ਡਰੱਗ ਸੈਂਸਸ ਇੰਚਾਰਜ), ਦਿਲਸ਼ਾਦ ਗਰੇਵਾਲ (ਦਫ਼ਤਰ ਇੰਚਾਰਜ), ਉਪਦੀਪ ਪਰਾਸ਼ਰ ਅਤੇ ਰਮਨਦੀਪ ਭਾਟੀਆ (ਮਾਸਟਰ ਟਰੇਨਰ), ਜ਼ਿਲ੍ਹਾ ਕੋਆਰਡੀਨੇਟਰ ਅਮਨਦੀਪ ਕੌਰ, ਅਸੰਬਲੀ ਕੋਆਰਡੀਨੇਟਰ ਸੁਮਨਦੀਪ ਕੌਰ, ਹਰਦੀਪ ਕੌਰ ਵੀ ਮੌਜੂਦ ਸਨ | ਸ਼ੁਰੂਆਤ ਮੌਕੇ ਸੰਬੋਧਨ ਕਰਦਿਆਂ ਐੈੱਸ. ਡੀ. ਐੱਮ. ਜਸਲੀਨ ਕੌਰ ਭੁੱਲਰ ਨੇ ਦੱਸਿਆ ਕਿ ਇਸ ਸੈਂਸਸ ਦਾ ਮੁੱਖ ਉਦੇਸ਼ ਹਲਕੇ ਦੇ ਹਰ ਪਰਿਵਾਰ ਦੀ ਸਮਾਜਿਕ ਅਤੇ ਆਰਥਿਕ ਸਥਿਤੀ ਬਾਰੇ ਸਹੀ ਡਾਟਾ ਇਕੱਠਾ ਕਰਨਾ ਹੈ | ਇਸ ਦੇ ਨਾਲ ਹੀ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਨੂੰ ਜੜ੍ਹੋਂ ਖ਼ਤਮ ਕਰਨ ਲਈ ਜ਼ਮੀਨੀ ਪੱਧਰ 'ਤੇ ਜਾਣਕਾਰੀ ਇਕੱਠੀ ਕੀਤੀ ਜਾਵੇਗੀ ਤਾਂ ਜੋ ਪ੍ਰਭਾਵਿਤ ਵਿਅਕਤੀਆਂ ਦੀ ਸਹੀ ਢੰਗ ਨਾਲ ਸਹਾਇਤਾ ਅਤੇ ਮੁੜ ਵਸੇਬਾ ਯਕੀਨੀ ਬਣਾਇਆ ਜਾ ਸਕੇ | ਉਨ੍ਹਾਂ ਹੋਰ ਦੱਸਿਆ ਕਿ ਇਸ ਸਰਵੇਖਣ ਦੌਰਾਨ ਵੱਖ-ਵੱਖ ਟੀਮਾਂ ਘਰ-ਘਰ ਜਾ ਕੇ ਜਾਣਕਾਰੀ ਇਕੱਠੀ ਕਰਨਗੀਆਂ |