ਡੇਹਲੋਂ, 12 ਮਈ (ਅੰਮਿ੍ਤਪਾਲ ਸਿੰਘ ਕੈਲੇ)-ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਹਲਕੇ ਨਾਲ ਸੰਬੰਧਿਤ ਬਲਾਕ ਡੇਹਲੋਂ ਅਤੇ ਬਲਾਕ ਲੁਧਿਆਣਾ ਅਧੀਨ ਪੈਂਦੇ ਪਿੰਡਾਂ ਦੇ ਮਨਰੇਗਾ ਵਰਕਰਾਂ ਨੂੰ ਪ੍ਰਸੰਸਾ ਪੱਤਰ ਵੰਡਣ ਸਮੇਂ ਕਿਹਾ ਕਿ ਇਨ੍ਹਾਂ ਵਰਕਰਾਂ ਦੀ ਮਿਹਨਤ ਅਤੇ ਲਗਨ ਨੇ ਵਿਕਾਸ ਨੂੰ ਮੁੱਖ ਤੌਰ 'ਤੇ ਅੱਗੇ ਵਧਾਇਆ ਹੈ, ਜਿਸ ਲਈ ਇਨ੍ਹਾਂ ਮਜ਼ਦੂਰਾਂ ਦੇ ਭੱਤਿਆਂ ਵਿਚ ਵਾਧਾ ਹੋਣਾ ਵੀ ਜ਼ਰੂਰੀ ਬਣ ਗਿਆ ਹੈ | ਦੱਸਣਯੋਗ ਹੈ ਕਿ ਵਿਧਾਇਕ ਸੰਗੋਵਾਲ ਵਲੋਂ ਬਲਾਕ ਡੇਹਲੋਂ ਦੇ 61 ਅਤੇ ਲੁਧਿਆਣਾ -1 ਦੇ 63 ਪਿੰਡਾਂ ਦੇ ਮਨਰੇਗਾ ਵਰਕਰਾਂ ਨੂੰ ਪ੍ਰਸੰਸਾ ਪੱਤਰ ਵੰਡਣ ਸੰਬੰਧੀ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਤਾਂ ਕਿ ਮਨਰੇਗਾ ਨਾਲ ਸੰਬੰਧਿਤ ਵਰਕਰਾਂ ਦਾ ਮਨੋਬਲ ਵਧਾਇਆ ਜਾ ਸਕੇ | ਜਿਸ ਦੌਰਾਨ ਮਨਰੇਗਾ ਵਰਕਰਾਂ ਤੇ ਮੇਟਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ | ਇਸ ਸਮੇਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਮਨਰੇਗਾ ਵਰਕਰਾਂ ਨੂੰ ਵਿਸ਼ਵਾਸ ਦੁਆਇਆ ਕਿ ਉਹ ਮਜ਼ਦੂਰਾਂ ਦੀ ਇਮਾਨਦਾਰੀ, ਲਗਨ ਤੇ ਮਿਹਨਤ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੂੰ ਦਿਹਾੜੀਦਾਰ ਕਾਮਿਆਂ ਦੀ ਦਿਹਾੜੀ ਵਧਾਉਣ ਸਮੇਤ ਕਈ ਵਾਰ ਹਾਦਸਿਆਂ ਦੇ ਮੱਦੇਨਜ਼ਰ ਵਾਪਰਦੀਆਂ ਘਟਨਾਵਾਂ ਲਈ ਬੀਮਾ ਸਕੀਮ ਲਾਗੂ ਕਰਵਾਉਣ ਲਈ ਪੱਤਰ ਲਿਖਣਗੇ | ਵਿਧਾਇਕ ਸੰਗੋਵਾਲ ਨੇ ਹਲਕੇ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਹਰ ਪਿੰਡ ਅੰਦਰ ਮਨਰੇਗਾ ਮਜ਼ਦੂਰਾਂ ਨੂੰ ਵੱਧ ਤੋਂ ਵੱਧ ਕੰਮ ਦੇਣ ਤਾਂ ਕਿ ਇਨ੍ਹਾਂ ਮਜ਼ਦੂਰਾਂ ਦੇ ਪਰਿਵਾਰਾਂ ਦਾ ਪਾਲਣ-ਪੋਸ਼ਣ ਵੀ ਵਧੀਆਂ ਢੰਗ ਨਾਲ ਹੋ ਸਕੇ | ਇਸ ਸਮੇਂ ਪੀ. ਏ. ਜਸਵਿੰਦਰ ਸਿੰਘ ਜੱਸੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਰਾਜ ਸਿੰਘ ਸੋਨੂੰ ਗਿੱਲ, ਸੰਮਤੀ ਚੇਅਰਮੈਨ ਸਾਹਿਬਜੀਤ ਸਿੰਘ ਸਾਬੀ ਜਰਖੜ, ਮਾਰਕੀਟ ਕਮੇਟੀ ਚੇਅਰਮੈਨ ਜਗਦੀਪ ਸਿੰਘ ਜੱਗੀ ਦਿਓਲ ਗੁਰਮ, ਐਡਵੋਕੇਟ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਬਲਾਕ ਪ੍ਰਧਾਨ ਸੰਮਤੀ ਮੈਂਬਰ ਜਸਵੰਤ ਸਿੰਘ ਮੁਕੰਦਪੁਰ, ਸੰਮਤੀ ਮੈਂਬਰ ਜਗਰੂਪ ਸਿੰਘ ਗਿੱਲ ਡੇਹਲੋਂ, ਅਮਰਿੰਦਰ ਸਿੰਘ ਬੁਲਾਰਾ, ਸੋਨੀ ਗਿੱਲ, ਦਫ਼ਤਰ ਇੰਚਾਰਜ ਮਨਦੀਪ ਸਿੰਘ ਰਵੀ ਝੰਮਟ, ਸਰਪੰਚ ਗੁਰਿੰਦਰਜੀਤ ਸਿੰਘ ਗੋਲਡੀ ਮਹਿਮੂਦਪੁਰਾ ਸਮੇਤ ਆਪ ਵਲੰਟੀਅਰ, ਮਨਰੇਗਾ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ |