ਦੋਰਾਹਾ, 12 ਮਈ (ਪੱਤਰ ਪ੍ਰੇਰਕਾਂ ਰਾਹੀਂ)-ਦੋਰਾਹਾ ਨਗਰ ਕੌਂਸਲ ਚੋਣਾਂ ਵਿੱਚ ਵਾਪਰੇ ਤਾਜ਼ਾ ਘਟਨਾਕ੍ਰਮ ਵਿੱਚ ਕਾਂਗਰਸ ਪਾਰਟੀ ਨੇ ਨਾਮਜ਼ਦਗੀ ਪੇਪਰ ਦਾ ਅਮਲ ਸ਼ੁਰੂ ਹੋਣ ਤੋਂ ਇੱਕ ਦਿਨ ਪਹਿਲਾਂ ਆਮ ਆਦਮੀ ਪਾਰਟੀ ਨੂੰ ਕਰਾਰਾ ਝਟਕਾ ਦਿੰਦੇ ਹੋਏ ਸੀਨੀਅਰ ਕੌਂਸਲਰ ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਕੁਲਵੰਤ ਸਿੰਘ ਕਾਲੂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਕਰ ਲਿਆ | ਦੋਰਾਹਾ ਦੀ ਰਾਜਨੀਤੀ ਵਿੱਚ ਵਾਪਰੇ ਇਸ ਹੈਰਾਨੀਜਨਕ ਘਟਨਾਕ੍ਰਮ ਤੋਂ ਬਾਅਦ ਇੱਕ ਤਰ੍ਹਾਂ ਨਾਲ ਭੱਜ ਦੌੜ ਮੱਚ ਗਈ | ਕਿਉਂਕਿ ਕੁਲਵੰਤ ਸਿੰਘ ਕਾਲੂ ਆਮ ਆਦਮੀ ਪਾਰਟੀ ਵੱਲੋਂ ਆਪਣੇ ਪੁਸ਼ਤੈਨੀ ਵਾਰਡ 11 ਤੋਂ ਸੱਤਾਧਾਰੀ ਧਿਰ ਦੇ ਅਣ ਐਲਾਨੇ ਉਮੀਦਵਾਰ ਸਨ | ਇਹ ਵਾਰਡ ਵੀ ਕੁਲਵੰਤ ਸਿੰਘ ਕਾਲੂ ਦੀ ਮਰਜ਼ੀ ਨਾਲ ਹੀ ਪਛੜੀਆਂ ਸ਼੍ਰੇਣੀਆਂ ਲਈ ਰਾਖਵਾਂ ਕੀਤਾ ਗਿਆ ਸੀ | ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਤੇਜ ਪ੍ਰਕਾਸ਼ ਸਿੰਘ ਕੋਟਲੀ ਦੀ ਹਾਜ਼ਰੀ ਵਿੱਚ ਕੁਲਵੰਤ ਸਿੰਘ ਕਾਲੂ ਨੇ ਆਪਣੀ ਪਿ੍ਤਰੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਜੋ ਕਿ ਸੱਤਾਧਾਰੀ ਧਿਰ ਲਈ ਕਰਾਰਾ ਝਟਕਾ ਹੈ | ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਲਖਬੀਰ ਸਿੰਘ ਲੱਖਾ ਪਾਇਲ ਨੇ ਕਿਹਾ ਕਿ ਕੁਲਵੰਤ ਸਿੰਘ ਕਾਲੂ ਸ਼ਹਿਰ ਦੇ ਵਿਕਾਸ ਲਈ ਕਾਂਗਰਸ ਪਾਰਟੀ ਦੇ ਪਲੇਟਫ਼ਾਰਮ ਤੇ ਹਮੇਸ਼ਾ ਚੰਗਾ ਯੋਗਦਾਨ ਪਾਉਂਦੇ ਰਹੇ ਹਨ ਅਤੇ ਉਹ ਲਗਾਤਾਰ ਕੌਂਸਲਰ ਚਲੇ ਆ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹਨਾਂ ਦੇ ਪਿਤਾ ਗਿਆਨੀ ਇਕਬਾਲ ਸਿੰਘ ਟਹਿਰਾ ਵਾਲੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਨੇੜਲੇ ਸਾਥੀ ਸਨ ਅਤੇ ਕੁਲਵੰਤ ਸਿੰਘ ਕਾਲੂ ਆਪਣੀ ਮਾਂ ਪਾਰਟੀ ਵਿੱਚ ਮੁੜ ਤੋਂ ਸ਼ਾਮਿਲ ਹੋਏ ਹਨ | ਇਸ ਮੌਕੇ ਬੋਲਦੇ ਆ ਕੁਲਵੰਤ ਸਿੰਘ ਕਾਲੂ ਨੇ ਕਿਹਾ ਕਿ ਕਾਂਗਰਸ ਪਾਰਟੀ ਉਨ੍ਹਾਂ ਦਾ ਆਪਣਾ ਘਰ ਹੈ ਅਤੇ ਉਹ ਕੁੱਝ ਸਮੇਂ ਲਈ ਇਸ ਤੋਂ ਬਾਹਰ ਜ਼ਰੂਰ ਹੋਏ ਸਨ ਪਰੰਤੂ ਉਹ ਹਮੇਸ਼ਾ ਭਾਵਨਾਤਮਕ ਤੌਰ ਤੇ ਕਾਂਗਰਸ ਪਾਰਟੀ ਨਾਲ ਜੁੜੇ ਰਹੇ ਹਨ | ਕਾਲੂ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋਣ ਨਾਲ ਇੱਕ ਤਰ੍ਹਾਂ ਨਾਲ ਦੋਰਾਹਾ ਦੀ ਰਾਜਨੀਤੀ ਗਰਮਾ ਗਈ ਹੈ ਅਤੇ ਦੋਰਾਹਾ ਅੰਦਰ ਸੱਤਾਧਾਰੀ ਧਿਰ ਵਲੋਂ ਕਾਲੂ ਦੀ ਉਮੀਦਵਾਰ ਵਾਲੇ ਵਾਰਡ ਨੂੰ ਜੇਤੂ ਮੰਨਿਆ ਜਾ ਰਿਹਾ ਸੀ | ਜਾਣਕਾਰੀ ਅਨੁਸਾਰ ਬੀਤੇ ਦੋ ਦਿਨ ਤੋਂ ਇਸ ਸਬੰਧੀ ਸਰਗਰਮੀਆਂ ਤੇਜ਼ ਸਨ | ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਨੇ ਕਿਹਾ ਕਿ ਦੋਰਾਹਾ ਸ਼ਹਿਰ ਉਨ੍ਹਾਂ ਦੇ ਪਰਿਵਾਰ ਦਾ ਆਪਣਾ ਸ਼ਹਿਰ ਹੈ ਅਤੇ ਇਸ ਸ਼ਹਿਰ ਵਿੱਚ ਵੱਸਦੇ ਸਾਰੇ ਕਾਂਗਰਸੀ ਪਰਿਵਾਰ ਉਨ੍ਹਾਂ ਦੇ ਪਰਿਵਾਰ ਦੇ ਮੈਂਬਰ ਹਨ | ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਕਾਲੂ ਨੂੰ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਾਲੀ, ਸਾਬਕਾ ਕੌਂਸਲਰ ਰਾਜਵੀਰ ਸਿੰਘ ਰੂਬਲ, ਸ਼ਹਿਰੀ ਕਾਂਗਰਸ ਪ੍ਰਧਾਨ ਵਿਨੀਤ ਆਸ਼ਟ, ਸਾਬਕਾ ਕੌਂਸਲਰ ਮਨਦੀਪ ਸਿੰਘ ਮਾਂਗਟ, ਸਾਬਕਾ ਕੌਂਸਲਰ ਰਜਿੰਦਰ ਸਿੰਘ ਗਹੀਰ, ਸਤਵਿੰਦਰਪਾਲ ਸਿੰਘ ਰਾੜੇਵਾਲਾ, ਜੱਸਾ ਰੋੜੀਆਂ ਤੇ ਮਾਨ ਦੋਰਾਹਾ ਹਾਜ਼ਰ ਸਨ |