13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਖੰਨਾ ਪੁਲਿਸ ਜ਼ਿਲੇ੍ਹ ਦੀਆਂ 4 ਕੌਂਸਲਾਂ ਲਈ ਔਸਤਨ 68 ਫੀਸਦ ਦੇ ਕਰੀਬ ਵੋਟਾਂ ਪਈਆਂ <br/>

Ad Position 21
No active advertisement
ਅਜੀਤ ਡੈਸਕ 27-05-2026
ਖੰਨਾ, 26 ਮਈ (ਹਰਜਿੰਦਰ ਸਿੰਘ ਲਾਲ)-ਖੰਨਾ ਪੁਲਿਸ ਜ਼ਿਲੇ੍ਹ ਦੇ ਖੰਨਾ, ਸਮਰਾਲਾ, ਪਾਇਲ ਅਤੇ ਦੋਰਾਹਾ ਵਿੱਚ ਨਗਰ ਕੌਂਸਲ ਚੋਣਾਂ ਦੇ 70 ਵਾਰਡਾਂ ਤੋਂ ਚੋਣ ਲੜ ਰਹੇ ਸੈਂਕੜੇ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਅੱਜ ਚੋਣ ਬਕਸਿਆਂ ਵਿਚ ਬੰਦ ਹੋ ਗਿਆ | ਇਨ੍ਹਾਂ ਚਾਰਾਂ ਕੌਂਸਲਾਂ ਦੀਆਂ ਕੁੱਲ 1,40,989 ਵੋਟਾਂ 'ਚੋਂ ਕੁੱਲ ਮਿਲਾ ਕੇ ਕਰੀਬ 68 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ | ਖੰਨਾ ਦੇ ਐਸ. ਡੀ. ਐਮ. ਸਵਾਤੀ ਟਿਵਾਣਾ ਨੇ ਦੱਸਿਆ ਕਿ ਖੰਨਾ ਵਿਚ ਕੁੱਲ 60.91 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ | ਖੰਨਾ ਦੇ ਵਿਧਾਇਕ ਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦਾਅਵਾ ਕੀਤਾ ਕਿ ਖੰਨਾ ਨਗਰ ਕੌਂਸਲ 'ਚੋਂ ਆਪ ਦੇ ਬਹੁਮਤ ਤੋਂ ਕਿਤੇ ਵੱਧ ਉਮੀਦਵਾਰ ਜਿੱਤ ਰਹੇ ਹਨ | ਨਗਰ ਕੌਂਸਲ ਦਾ ਪ੍ਰਧਾਨ ਆਪ ਦਾ ਹੀ ਬਣੇਗਾ ਜਦੋਂ ਕਿ ਕਾਂਗਰਸ ਦੇ ਸਾਬਕ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਦਾਅਵਾ ਕੀਤਾ ਕਿ ਕਾਂਗਰਸ ਘੱਟੋ ਘੱਟ 20 ਸੀਟਾਂ ਜਿੱਤੇਗੀ | ਉਨ੍ਹਾਂ ਕਿਹਾ ਕਿ ਸਰਕਾਰ ਨੇ ਧੱਕਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ | ਜਦੋਂ ਕਿ ਅਕਾਲੀ ਦਲ ਦੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਦਾਅਵਾ ਕੀਤਾ ਕਿ ਅਕਾਲੀ ਦਲ ਬਹੁਮਤ ਲੈ ਰਿਹਾ ਹੈ | ਅਜਿਹਾ ਹੀ ਦਾਅਵਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ ਨੇ ਵੀ ਕੀਤਾ | ਇਸ ਦਰਮਿਆਨ ਖੰਨਾ ਦੇ ਵਾਰਡ ਨੰਬਰ 6, 15 ਅਤੇ 23 ਵਿਚ ਰੌਲੇ ਰੱਪੇ ਅਤੇ ਕੁੱਟਮਾਰ ਦੀਆਂ ਕੁੱਝ ਘਟਨਾਵਾਂ ਹੋਣ ਦੀ ਖ਼ਬਰ ਹੈ | ਖੰਨਾ ਵਿਚ ਕਈ ਥਾਵਾਂ ਤੇ ਸ਼ਾਮ ਦੇ 5 ਵਜੇ ਤੱਕ ਲੋਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ |
ਖੰਨਾ ਪੁਲਿਸ ਜ਼ਿਲ੍ਹੇ 'ਚ ਵੋਟਾਂ ਅਮਨ-ਅਮਾਨ ਨਾਲ ਪਈਆਂ- ਐਸ. ਐਸ. ਪੀ. ਦਰਪਣ ਆਹਲੂਵਾਲੀਆ
ਇਸ ਦਰਮਿਆਨ ਖੰਨਾ ਦੀ ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਨੇ ਦਾਅਵਾ ਕੀਤਾ ਕਿ ਆਮ ਤੌਰ ਤੇ ਖੰਨਾ ਪੁਲਿਸ ਜ਼ਿਲੇ੍ਹ ਦੀਆਂ ਸਾਰੀਆਂ 4 ਨਗਰ ਕੌਂਸਲਾਂ ਵਿੱਚ ਸ਼ਾਂਤੀਪੂਰਨ ਪੋਲਿੰਗ ਹੋਈ | ਉਨ੍ਹਾਂ ਕਿਹਾ ਕਿ ਇੱਕਾ ਦੁੱਕਾ ਥਾਵਾਂ ਤੇ ਮਾਮੂਲੀ ਘਟਨਾਵਾਂ ਤੋਂ ਇਲਾਵਾ ਪੁਲਿਸ ਵਲੋਂ ਅਮਨ ਅਮਾਨ ਕਾਇਮ ਰੱਖਣ ਲਈ ਕੀਤੇ ਪ੍ਰਬੰਧ ਸਫਲ ਰਹੇ | ਉਨ੍ਹਾਂ ਦੱਸਿਆ ਕਿ ਇਸ ਵੋਟਾਂ ਸ਼ਾਂਤੀ ਪੂਰਨ ਅਤੇ ਯਕੀਨੀ ਬਣਾਉਣ ਲਈ ਵਿਸਤਿ੍ਤ ਪ੍ਰਬੰਧ ਕੀਤੇ ਗਏ ਸਨ | ਪੋਲਿੰਗ ਸਟੇਸ਼ਨਾਂ ਅਤੇ ਸੰਵੇਦਨਸ਼ੀਲ ਥਾਵਾਂ 'ਤੇ ਢੁਕਵੇਂ ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਸਨ |
ਦੋਰਾਹਾ 'ਚ 70 ਦੇ ਕਰੀਬ ਵੋਟਾਂ ਪੋਲ ਹੋਈਆਂ
ਦੋਰਾਹਾ, (ਮਨਜੀਤ ਸਿੰਘ ਗਿੱਲ)- ਅੱਜ ਦੋਰਾਹਾ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ ਲਈ 15 ਵਾਰਡਾਂ ਤੋਂ 62 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ ਦੋਰਾਹਾ ਵਿੱਚ ਚੋਣਾਂ ਦਾ ਕੰਮ ਮੁਕੰਮਲ ਹੋ ਗਿਆ ਹੈ | ਰਿਟਰਨਿੰਗ ਅਫਸਰ ਐਕਸੀਅਨ ਨਿਰਪਾਲ ਸਿੰਘ ਨੇ ਦੱਸਿਆ ਕਿ ਦੋਰਾਹਾ ਵਿੱਚ ਕਰੀਬ 70 ਪ੍ਰਤੀਸ਼ਤ ਵੋਟਿੰਗ ਪੋਲ ਹੋਈ ਹੈ | ਅੱਜ ਵੱਖ ਵਖ ਚੋਣ ਬੂਥਾਂ ਦਾ ਦੌਰਾ ਕਰਨ ਤੇ ਦੇਖਿਆ ਕਿ ਸਵੇਰ ਸਮੇਂ ਪੋਲਿੰਗ ਬੂਥਾਂ ਤੇ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਰਹੀਆਂ ਅਤੇ ਜਿਉਂ ਹੀ ਗਰਮੀ ਕਾਰਨ ਤਾਪਮਾਨ ਵਧਣ ਲੱਗਾ ਤਾਂ ਪੋਲਿੰਗ ਬੂਥਾਂ ਤੇ ਵੋਟਰਾਂ ਦੀ ਆਮਦ ਘਟਣ ਲੱਗ ਗਈ | ਜਾਣਕਾਰੀ ਅਨੁਸਾਰ ਸਵੇਰ ਅੱਠ ਤੋਂ ਸ਼ਾਮ 5 ਵਜੇ ਤੱਕ ਦੋਰਾਹਾ ਵਿੱਚ ਕਰੀਬ 70 ਪ੍ਰਤੀਸ਼ਤ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ | ਚੋਣਾਂ ਦਾ ਕੰਮ ਮੁਕੰਮਲ ਹੋਣ ਤੇ ਦੋਰਾਹਾ ਨਗਰ ਕੌਂਸਲ ਚੋਣਾਂ ਲੜ ਰਹੇ 62 ਉਮੀਦਵਾਰਾਂ ਦੀ ਜਿੱਤ ਹਾਰ ਦਾ ਫ਼ੈਸਲਾ 29 ਮਈ ਨੂੰ ਵੋਟਾਂ ਦੀ ਗਿਣਤੀ ਉਪਰੰਤ ਹੀ ਹੋਵੇਗਾ |
ਨਗਰ ਕੌਂਸਲ ਪਾਇਲ ਦੀਆਂ ਚੋਣਾਂ ਦਾ ਕੰਮ ਸ਼ਾਂਤੀ ਪੂਰਵਕ ਸਮਾਪਤ
ਪਾਇਲ, (ਨਿਜ਼ਾਮਪੁਰ -ਰਜਿੰਦਰ ਸਿੰਘ)-ਅੱਜ ਇੱਥੇ ਨਗਰ ਕੌਂਸਲ ਪਾਇਲ ਦੀਆਂ 11 ਵਾਰਡਾਂ ਦੀਆਂ ਚੋਣਾਂ ਦਾ ਕੰਮ ਬਹੁਤ ਹੀ ਸ਼ਾਂਤੀ ਪੂਰਵਕ ਹੋ ਨਿੱਬੜਿਆ | ਚੋਣ ਪ੍ਰਕਿਰਿਆ ਮੁਕੰਮਲ ਹੋਣ ਤੇ ਪੁਲਿਸ ਜ਼ਿਲ੍ਹਾ ਖੰਨਾ ਦੇ ਮੁਖੀ ਡਾ: ਦਰਪਣ ਆਹਲੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਦਾ ਕੰਮ ਸ਼ਾਂਤੀਪੂਰਵਕ ਸੰਪੰਨ ਹੋ ਗਿਆ ਹੈ ਤੇ ਵੋਟਰਾਂ ਨੇ ਬਿਨਾਂ ਕਿਸੇ ਦਬਾਅ ਦੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ | ਪਾਇਲ ਸ਼ਹਿਰ ਵਿੱਚ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਆਪੋ ਆਪਣੇ ਪੋਲਿੰਗ ਬੂਥ ਸਥਾਪਿਤ ਕੀਤੇ ਗਏ, ਜਿੰਨ੍ਹਾ ਉੱਪਰ ਸਮਰਥਕਾਂ ਤੇ ਲੀਡਰਾਂ ਦਾ ਭੀੜ ਭੜਕਾ ਲੱਗਾ ਰਿਹਾ | ਵੋਟਾਂ ਪਾਉਣ ਲਈ ਸਵੇਰ ਤੋਂ ਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਇਲ ਲੜਕੇ, ਕੰਨਿਆ ਅਤੇ ਪ੍ਰਾਇਮਰੀ ਸਕੂਲ ਵਿੱਚ ਵੋਟਰਾਂ ਵੱਲੋਂ ਆਪੋ ਆਪਣੀਆਂ ਵੋਟਾਂ ਦਾ ਇਸਤੇਮਾਲ ਕੀਤਾ ਗਿਆ, ਉੱਥੇ ਪੁਲੀਸ ਪ੍ਰਸ਼ਾਸਨ ਵੱਲੋਂ ਆਪਣੀ ਜ਼ਿੰਮੇਵਾਰੀ ਨੂੰ ਵੀ ਬੜੀ ਹੀ ਸੰਜੀਦਗੀ ਨਾਲ ਨਿਭਾਇਆ ਗਿਆ | ਸਿਵਲ ਪ੍ਰਸ਼ਾਸਨ ਵੱਲੋਂ ਐੱਸ. ਡੀ. ਐੱਮ ਪਾਇਲ ਪ੍ਰੀਤਇੰਦਰ ਸਿੰਘ ਬੈਂਸ, ਤਹਿਸੀਲਦਾਰ ਵਿਕਾਸਦੀਪ ਦੀ ਟੀਮ ਵੱਲੋਂ ਪੋਲਿੰਗ ਬੂਥਾਂ ਤੇ ਹੋ ਰਹੀ ਵੋਟਿੰਗ ਸਮੇਂ ਸਾਰੇ ਪ੍ਰਬੰਧਾਂ ਦੀ ਦੇਖ ਰੇਖ ਕੀਤੀ ਗਈ ਤਾਂ ਜੋ ਵੋਟਿੰਗ ਅਮਲੇ ਤੇ ਵੋਟਰਾਂ ਨੂੰ ਦਿੱਕਤ ਨਾ ਆ ਸਕੇ | ਪਾਇਲ ਦੇ ਕਈ ਸੰਵੇਦਨਸ਼ੀਲ ਬੂਥਾਂ ਤੇ ਪੁਲੀਸ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਕਰੜੇ ਕੀਤੇ ਗਏ ਸਨ ਤਾਂ ਜੋ ਕੋਈ ਮਾੜੀ ਘਟਨਾ ਨਾ ਵਾਪਰ ਸਕੇ | ਪਾਇਲ ਦੇ 11 ਵਾਰਡਾਂ ਵਿੱਚ ਕੁੱਲ 80,10 ਪ੍ਰਤੀਸ਼ਤ ਵੋਟਿੰਗ ਪੋਲ ਹੋਈ | ਸ਼ਾਮ ਨੂੰ ਵੋਟਿੰਗ ਦਾ ਕੰਮ ਸੁੱਖ ਸਾਂਤੀ ਨਾਲ ਨੇਪਰੇ ਚੜਿਆ |
ਸਮਰਾਲਾ ਦੀ ਕੌਂਸਲ ਚੋਣਾਂ ਲਈ 68 ਪ੍ਰਤੀਸ਼ਤ ਪੋਲਿੰਗ, ਸਾਰੇ ਉਮੀਦਵਾਰਾਂ ਨੇ ਜਿੱਤ ਲਈ ਆਪਣੀ ਪੂਰੀ ਤਾਕਤ ਝੋਕੀ
ਸਮਰਾਲਾ, (ਗੋਪਾਲ ਸੋਫਤ, ਕੁਲਵਿੰਦਰ ਸਿੰਘ)-ਅੱਜ ਸਥਾਨਕ ਨਗਰ ਕੌਂਸਲ ਦੇ 15 ਵਾਰਡਾਂ ਵਿਚੋਂ 12 ਵਾਰਡਾਂ ਦੇ ਕੌਂਸਲਰ ਚੁਣਨ ਲਈ ਹੋਈ ਪੋਲਿੰਗ ਵਿਚ 68.05 ਪ੍ਰਤੀਸ਼ਤ ਪੋਲਿੰਗ ਹੋਈ ਹੈ | ਸ਼ਹਿਰ ਦੇ ਤਿੰਨ ਵਾਰਡਾਂ ਵਿਚ ਸਾਰੀਆਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਰੱਦ ਕਰ ਦੇਣ ਕਾਰਨ ਆਮ ਆਦਮੀ ਪਾਰਟੀ ਦੇ ਤਿੰਨ ਉਮੀਦਵਾਰ ਬਿਨਾਂ ਮੁਕਾਬਲਾ ਜਿੱਤੇ ਹੋਏ ਹਨ | ਇਨ੍ਹਾਂ 12 ਵਾਰਡਾਂ ਵਿਚ ਕੁੱਲ 50 ਉਮੀਦਵਾਰ ਚੋਣ ਮੈਦਾਨ ਵਿਚ ਸਨ | ਪਰ ਇੱਕ ਨਾਮਜ਼ਦਗੀ ਪੋਲਿੰਗ ਤੋਂ ਇੱਕ ਦਿਨ ਪਹਿਲਾਂ ਰੱਦ ਕਰ ਦੇਣ ਨਾਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ 11-11, ਅਕਾਲੀ ਦਲ ਤੇ ਭਾਜਪਾ ਦੇ 12-12 ਅਤੇ ਬਸਪਾ ਦੇ 3 ਉਮੀਦਵਾਰਾਂ ਸਮੇਤ 49 ਉਮੀਦਵਾਰਾਂ ਦੀ ਕਿਸਮਤ ਅੱਜ ਬੈਲਟ ਬਕਸਿਆਂ ਵਿਚ ਬੰਦ ਹੋ ਗਈ ਹੈ | ਪੰਜਾਬ ਦੀਆਂ ਪੰਜ ਪ੍ਰਮੁੱਖ ਰਾਜਸੀ ਪਾਰਟੀਆਂ ਦੇ ਵਿਧਾਨ ਸਭਾ ਲੜਨ ਲਈ ਸੰਭਾਵਿਤ ਆਗੂਆਂ ਨੇ ਦਿਨ-ਰਾਤ ਆਪਣੀ ਉਮੀਦਵਾਰਾਂ ਦੀ ਸਫਲਤਾ ਲਈ ਜ਼ਮੀਨ ਆਕਾਸ਼ ਇੱਕ ਇਕ ਕਰੀ ਰੱਖਿਆ ਸੀ ਕਿਉਂਕਿ ਇਹ ਨਗਰ ਕੌਂਸਲ ਚੋਣਾਂ ਛੇ ਮਹੀਨਿਆਂ ਬਾਅਦ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਸਮਝੀਆਂ ਜਾਂਦੀਆਂ ਹਨ | ਇਸ ਵਾਰ ਇਹ ਪਹਿਲੀ ਵਾਰ ਹੋਇਆ ਹੈ ਕਿ ਵਿਧਾਨ ਸਭਾ ਦੀਆਂ ਚੋਣਾਂ ਲੜਨ ਵਾਲੇ ਦੋ ਆਗੂਆਂ ਦੇ ਆਪਣੇ ਵਾਰਡ ਵਿਚ ਇਸ ਵਾਰ ਕੋਈ ਵੀ ਕਾਂਗਰਸ ਦਾ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਸੀ ਕਿਉਂਕਿ ਕਾਂਗਰਸ ਪਾਰਟੀ ਦੀ ਉਮੀਦਵਾਰ ਅਤੇ ਸਾਬਕਾ ਕੌਂਸਲਰ ਨੇ ਅਚਾਨਕ ਰਹੱਸਮਈ ਹਾਲਾਤਾਂ ਵਿਚ ਆਪਣੇ ਨਾਮਜ਼ਦਗੀ ਪੇਪਰ ਵਾਪਸ ਲੈ ਲਏ ਸਨ | ਇਸੇ ਤਰ੍ਹਾਂ ਵਾਰਡ ਨੰਬਰ ਦੋ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਤਵੀਰ ਸਿੰਘ ਸੇਖੋਂ ਦੀ ਨਾਮਜ਼ਦਗੀ ਪ੍ਰਵਾਨ ਕਰਨ ਵਿਰੁੱਧ ਹਾਈਕੋਰਟ ਵਿਚ ਦਾਖਲ ਕੀਤੀ ਰਿੱਟ ਉਪਰੰਤ ਰਿਟਰਨਿੰਗ ਅਫ਼ਸਰ ਵਲੋਂ ਰੱਦ ਕਰ ਦਿੱਤੀ ਗਈ, ਜਿਸ ਕਾਰਨ ਆਮ ਆਦਮੀ ਪਾਰਟੀ ਦਾ ਵਾਰਡ ਨੰਬਰ ਦੋ ਵਿਚ ਕੋਈ ਵੀ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਰਿਹਾ ਸੀ | ਅੱਜ ਸਵੇਰੇ-ਸਵੇਰੇ ਕੁੱਝ ਸਮਾਂ ਪੋਲਿੰਗ ਦੀ ਰਫ਼ਤਾਰ ਮੱਠੀ ਜਾਪੀ, ਪਰ ਇਸ ਉਪਰੰਤ ਗਰਮੀ ਦੇ ਬਾਵਜੂਦ ਵੋਟਾਂ ਪਾਉਣ ਵਾਲਿਆਂ ਦੀਆਂ ਲਾਈਨਾਂ ਲੰਮੀਆਂ ਹੰੁਦੀਆਂ ਗਈਆਂ | ਕੁੱਝ ਵਾਰਡਾਂ ਵਿਚ ਮਮੂਲੀ ਤਕਰਾਰਬਾਜ਼ੀ ਹੋਣ ਦੇ ਬਾਵਜੂਦ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਨਾਲ ਸਮਾਪਤ ਹੋ ਗਿਆ ਹੈ | ਸਾਰੀਆਂ ਪਾਰਟੀਆਂ ਦੇ ਚੋਣ ਲੜ ਰਹੇ ਉਮੀਦਵਾਰ ਅਤੇ ਉਨ੍ਹਾਂ ਦੇ ਹਮਾਇਤੀ ਅੱਜ ਸਵੇਰ ਤੋਂ ਹੀ ਵੱਧ ਤੋਂ ਵੱਧ ਵੋਟਾਂ ਭੁਗਤਾਉਣ ਵੋਟਰਾਂ ਨੂੰ ਪੋਲਿੰਗ ਬੂਥਾਂ ਤੱਕ ਭੇਜਣ ਲਈ ਅੱਤ ਦੀ ਗਰਮੀ ਵਿਚ ਵੀ ਜੁਟੇ ਰਹੇ | ਆਪਣੇ ਉਮੀਦਵਾਰਾਂ ਦੀ ਸਹਾਇਤਾ ਲਈ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਰੁਪਿੰਦਰ ਸਿੰਘ ਰਾਜਾ ਗਿੱਲ, ਐਡਵੋਕੇਟ ਜਸਪ੍ਰੀਤ ਸਿੰਘ ਕਲਾਲ ਮਾਜਰਾ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਅਜਮੇਰ ਸਿੰਘ ਪੂਰਬਾ, ਜਤਿੰਦਰ ਸਿੰਘ ਜੋਗਾ ਸਰਪੰਚ ਬਲਾਲਾ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਪਰਮਿੰਦਰ ਸਿੰਘ ਗੋਲਡੀ ਤੇ ਵਿੱਕੀ ਢੰਡੇ, ਅਕਾਲੀ ਦਲ ਦੇ ਪਰਮਜੀਤ ਸਿੰਘ ਢਿੱਲੋਂ, ਭਾਰਤੀ ਜਨਤਾ ਪਾਰਟੀ ਦੇ ਨਿਸ਼ੂ ਚਹਿਲਾਂ ਅਤੇ ਆਸ਼ੂ ਸ਼ਰਮਾ, ਅਜੀਤ ਗੁਪਤਾ ਬਲਰਾਮ ਸ਼ਰਮਾ (ਦੋਵੇਂ ਜ਼ਿਲ੍ਹਾ ਉਪ ਪ੍ਰਧਾਨ) ਰਣਜੀਤ ਸਿੰਘ ਜੀਤਾ ਗਹਿਲੇਵਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ, ਡਾ. ਅਸ਼ੋਕ ਸਲਵਾਨ ਤੇ ਤਿਵਾੜੀ ਅਤੇ ਆਪ ਦੇ ਸਥਾਨਕ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਸਵੇਰ ਤੋਂ ਹੀ ਸਰਗਰਮ ਰਹੇ | ਇਸ ਵਾਰ ਪ੍ਰਧਾਨਗੀ ਦੇ ਦਾਅਵੇਦਾਰ ਲਾਲਾ ਮੰਗਤ ਰਾਏ ਤਜਿੰਦਰ ਸਿੰਘ ਮਿੰਟੂ ਗਰੇਵਾਲ ਅਤੇ ਰਣਧੀਰ ਸਿੰਘ ਧੀਰਾ ਦੇ ਪਰਿਵਾਰ ਦੇ ਮੈਂਬਰ ਦੋ-ਦੋ ਵਾਰਡਾਂ ਤੋਂ ਚੋਣ ਲੜ ਰਹੇ ਹਨ | ਭਾਰਤੀ ਜਨਤਾ ਪਾਰਟੀ ਦੇ ਨੌਜਵਾਨ ਆਗੂ ਨਿਸ਼ੂ ਚਹਿਲਾਂ ਨੇ ਸ਼ਹਿਰ ਦੇ ਸਾਰੇ ਵਾਰਡਾਂ ਲਈ ਦਿਹਾਤੀ ਹਲਕੇ ਸਮਰਾਲਾ ਵਿਚ ਪਹਿਲੀ ਵਾਰ 15 ਦੇ 15 ਉਮੀਦਵਾਰ ਖੜੇ ਕਰਨ ਅਤੇ ਉਨ੍ਹਾਂ ਦੀ ਸਫਲਤਾ ਲਈ ਸਾਰੀ ਤਾਕਤ ਝੋਕ ਕਿ ਨਾ ਸਿਰਫ਼ ਸਾਰੀਆਂ ਪਾਰਟੀਆਂ ਲਈ ਪੂਰੇ ਸ਼ਹਿਰ ਵਿਚ ਰਾਜਸੀ ਸਮੀਕਰਨ ਉੱਥਲ ਪੁੱਥਲ ਕਰ ਦਿੱਤੇ ਹਨ, ਬਲਕਿ ਰਾਜਸੀ ਹਲਕਿਆਂ ਵਿਚ ਹੈਰਾਨੀ ਵੀ ਪੈਦਾ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਤੇਲ ਕੀਮਤਾਂ 'ਚ ਵਾਧਾ ਕੇਂਦਰ ਸਰਕਾਰ ਦਾ ਕਿਸਾਨਾਂ, ਉਦਯੋਗ, ਆਮ ਲੋਕਾਂ ਨਾਲ ਧੱਕਾ-ਇਯਾਲੀ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਚੱਬਾ ਵਿਖੇ ਸ਼ਹੀਦ ਸਿੱਖਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ 1 ਨੂੰ...
Ad Position 24